ਪਰਮਜੀਤ ਸਿੰਘ
ਫ਼ਾਜ਼ਿਲਕਾ, 30 ਦਸੰਬਰ
ਇੱਥੋਂ ਦੇ ਪ੍ਰਾਇਮਰੀ ਅਧਿਆਪਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਇੱਕ ਜਨਵਰੀ ਤੋਂ 31 ਜਨਵਰੀ ਤੱਕ 8-8 ਘੰਟੇ ਦੀ ਡਿਊਟੀ ਕੋਵਿਡ-19 ਕੰਟਰੋਲ ਰੂਮ ਵਿਚ ਲਗਾ ਦਿੱਤੀ ਗਈ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਨੇ ਲੜੀ ਨੰਬਰ 1 ਤੋਂ 124 ਤੱਕ ਵੱਖ ਵੱਖ ਪ੍ਰਾਇਮਰੀ ਸਕੂਲਾਂ ਦੇ ਮੁੱਖ ਅਧਿਆਪਕ ਅਤੇ ਅਧਿਆਪਕਾਂ ਦੀ ਡਿਊਟੀ ਲਗਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਉਧਰ, ਅਧਿਆਪਕਾਂ ਨੇ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਜਦੋ ਸਕੱਤਰ ਸਕੂਲ ਨੇ ਫ਼ਾਜ਼ਿਲਕਾ ਦੇ ਸਰਕਾਰੀ ਸਕੂਲ ਦੇ ਪ੍ਰਿੰਸਿਪਲ ਨੂੰ ਸਿਰਫ ਡੀਸੀ ਦਫ਼ਤਰ ਡਿਊਟੀ ’ਤੇ ਹੋਣ ਸਦਕਾ ਆਪਣੇ ਸਕੂਲ ਹਾਜ਼ਰ ਨਾ ਹੋ ਸਕਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਤਾਂ ਉਨ੍ਹਾਂ ਦੇ (ਪ੍ਰਾਇਮਰੀ ਅਧਿਆਪਕਾਂ) ਡਿਊਟੀ ਆਰਡਰ ਵੀ ਸਬੰਧਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਫ਼ਤਰ ਜਾ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਹੀ ਉਨ੍ਹਾਂ ਨੂੰ ਭੇਜਣ ਤਾਂ ਜੋ ਉਨ੍ਹਾਂ ਉੱਤੇ ਮੁਅੱਤਲ ਹੋਏ ਪ੍ਰਿੰਸੀਪਲ ਵਾਂਗ ਕਾਰਵਾਈ ਨਾ ਹੋਵੇ। ਇਸ ਦੇ ਨਾਲ ਹੀ ਅਧਿਆਪਕਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲ, ਜੋ ਕਿ ਹਫਤੇ ਵਿਚ 3-3 ਦਿਨ ਖੋਲ੍ਹਣ ਦੇ ਜ਼ਿਲ੍ਹਾ ਦਫ਼ਤਰਾਂ ਵੱਲੋਂ ਹੁਕਮ ਦਿੱਤੇ ਗਏ ਹਨ, ਵਿੱਚ ਉਸਾਰੀ, ਮਿਸ਼ਨ ਸ਼ਤ ਪ੍ਰਤੀਸ਼ਤ, ਸਮਾਰਟ ਸਕੂਲ, ਆਦਿ ਪ੍ਰਾਜੈਕਟ ਵੀ ਸਿਵਲ ਹਸਪਤਾਲ ਦੀ ਡਿਉਟੀ ਨਿਭਾਉਣ ਕਾਰਨ ਪੂਰੇ ਨਹੀਂ ਹੋ ਸਕਦੇ।
ਡਿਪਟੀ ਡੀਈਓ ਨੂੰ ਇਲਮ ਨਹੀਂ
ਜ਼ਿਲ੍ਹੇ ਦੇ ਡਿਪਟੀ ਡੀਈਓ ਅੰਜੂ ਸੇਠੀ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਕੋਵਿਡ-19 ਕੰਟਰੋਲ ਰੂਮ ਵਿਚ ਲਗਾਈ ਗਈ ਡਿਊਟੀ ਬਾਰੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਉਹ ਇਸ ਸਬੰਧੀ ਕੁਝ ਵੀ ਕਹਿਣ ਵਿੱਚ ਅਸਮਰਥ ਹਨ।