ਨਿੱਜੀ ਪੱਤਰ ਪ੍ਰੇਰਕ
ਮਲੋਟ, 10 ਦਸੰਬਰ
ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਵਿੱਢੇ ਗਏ ਵਿਕਾਸ ਕਾਰਜਾਂ ’ਤੇ ਲਗਾਤਾਰ ਸਵਾਲ ਉੱਠਣ ਲੱਗੇ ਹਨ। ਪਹਿਲਾਂ ਨਗਰ ਕੌਂਸਲ ਵੱਲੋਂ ਕਾਹਲੀ ਵਿੱਚ ਸ਼ਹਿਰ ਦੇ ਸੁੰਦਰੀਕਰਨ ਦੇ ਨਾਮ ਹੇਠ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰ ਖੇਤਰ ਵਿੱਚ ਪੈਂਦੀ ਥਾਂ ’ਚ ਬਣਾਏ ਜਾ ਰਹੇ ਨਵੇਂ ਗੇਟਾਂ ਨੂੰ ਲੈ ਕੇ ਸਵਾਲ ਉੱਠੇ, ਜਿਸ ਮਗਰੋਂ ਨੈਸ਼ਨਲ ਅਥਾਰਟੀ ਨੇ ਗੇਟ ਲਈ ਬਣਾਏ ਪੱਕੇ ਪਿੱਲਰ ਹਟਵਾ ਦਿੱਤੇ। ਇਸ ਤੋਂ ਬਾਅਦ ਸ਼ਹਿਰ ਵਿਚ ਲਗਪਗ 18 ਕਰੋੜ ਦੀ ਲਾਗਤ ਨਾਲ ਬਣਾਈਆਂ ਜਾ ਰਹੀਆਂ ਗਲੀਆਂ ਨੂੰ ਲੈ ਕੇ ਲੋਕਾਂ ਨੇ ਇਤਰਾਜ਼ ਪ੍ਰਗਟ ਕੀਤਾ। ਹੁਣ ਨਵੇਂ ਮਸਲੇ ਵਿੱਚ ਦਾਣਾ ਮੰਡੀ ਦੇ ਪੱਕੇ ਫੜ੍ਹ ਦੇ ਇਕ ਪਾਸੇ ਦੀ ਪੱਕੀ ਸੜਕ ਜੇਸੀਬੀ ਨਾਲ ਪੁੱਟਣ ’ਤੇ ਲੋਕਾਂ ਤੇ ਕਿਸਾਨਾਂ ਨੇ ਇਤਰਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦਾ ਲੈਵਲ ਉੱਚਾ ਨੀਂਵਾ ਹੋਣ ਕਰ ਕੇ ਮੀਂਹ ਦਾ ਸਾਰਾ ਪਾਣੀ ਫੜ੍ਹ ਦੇ ਉੱਤੇ ਇਕੱਠਾ ਹੋ ਜਾਇਆ ਕਰੇਗਾ, ਜਿਸ ਨਾਲ ਵੱਡੇ ਪੱਧਰ ’ਤੇ ਫਸਲ ਦਾ ਨੁਕਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਹੁਣ ਫੜ੍ਹ ਉੱਚਾ ਹੈ ਤੇ ਚੁਫੇਰਾ ਨੀਵਾਂ। ਸੜਕ ਬਣਨ ਉਪਰੰਤ ਚੁਫੇਰਾ ਉੱਚਾ ਹੋ ਜਾਵੇਗਾ ਤੇ ਫੜ੍ਹ ਨੀਵਾਂ। ਮੰਡੀਕਰਨ ਬੋਰਡ ਦੇ ਐੱਸਡੀਓ ਵਿਨਸ਼ ਗਰਗ ਨੇ ਦੱਸਿਆ ਕਿ ਮੰਡੀ ਦਾ ਫੜ੍ਹ ਉਸੇ ਲੈਵਲ ਵਿੱਚ ਬਣਾਇਆ ਜਾਵੇਗਾ, ਜਿਵੇਂ ਪਹਿਲਾਂ ਹੈ। ਉਨ੍ਹਾਂ ਕਿਹਾ ਕਿ ਸੜਕ ਫੜ੍ਹ ਤੋਂ ਉੱਚੀ ਨਹੀਂ ਕੀਤੀ ਜਾਵੇਗੀ, ਪਰ ਬਣੀ ਬਣਾਈ ਸੜਕ ਨੂੰ ਪੁੱਟਣ ਸਬੰਧੀ ਉਨ੍ਹਾਂ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ।