ਨਿੱਜੀ ਪੱਤਰ ਪ੍ਰੇਰਕ
ਬਰਨਾਲਾ 2 ਅਗਸਤ
ਸ਼ਹਿਰ ’ਚ ਮੁਰਦੇ ਪਸ਼ੂਆਂ ਨੂੰ ਚੁੱਕਣ ਦਾ ਕੰਮ ਨਗਰ ਕੌਂਸਲ ਵੱਲੋਂ ਹੱਡਾ ਰੋੜੀ ਚਲਾਉਣ ਵਾਲੇ ਠੇਕੇਦਾਰਾਂ ਤੋਂ ਕਰਵਾਉਣਾ ਹੁੰਦਾ ਹੈ ਪਰ ਠੇਕੇਦਾਰ ਕੌਂਸਲ ਅਧਿਕਾਰੀਆਂ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਮਰੇ ਹੋਏ ਪਸ਼ੂ ਬਾਰੇ ਜਾਣਕਾਰੀ ਦੇਣ ਵਾਲੇ ਤੋਂ ਪਸ਼ੂ ਚੁੱਕਣ ਬਦਲੇ 500 ਤੋਂ ਲੈ ਕੇ 1000 ਰੁਪਏ ਦੀ ਮੰਗ ਕਰਦਾ ਹੈ। ਜੇਕਰ ਸੂਚਨਾ ਦੇਣ ਵਾਲਾ ਵਿਅਕਤੀ ਰੁਪਏ ਦੇਣ ਤੋਂ ਆਨਾਕਾਨੀ ਕਰਦਾ ਹੈ ਤਾਂ ਠੇਕੇਦਾਰ ਪਸ਼ੂ ਚੁੱਕਣ ਤੋਂ ਮਨਾਂ ਕਰ ਦਿੰਦਾ ਹੈ ਜਿਸ ਨਾਲ ਮਰੇ ਹੋਏ ਪਸ਼ੂ ਨੂੰ ਕੁੱਤੇ ਨੋਚਣ ਲੱਗ ਪੈਂਦੇ ਹਨ ਅਤੇ ਆਲੇ ਦੁਆਲੇ ਬਦਬੂ ਫੈਲ ਜਾਂਦੀ ਹੈ ਅਤੇ ਰਾਹਗੀਰਾਂ ਅਤੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ। ਬੀਤੇ ਦਿਨੀਂ ਨੈਸ਼ਨਲ ਹਾਈਵੇਅ ਨਾਨਕਸਰ ਰੋਡ ਸਮੋਸਾ ਜੰਕਸ਼ਨ ਲਾਗੇ ਵਾਹਨ ਦੀ ਟੱਕਰ ਨਾਲ ਪਸ਼ੂ ਦੀ ਮੌਤ ਹੋ ਗਈ ਜਿਸ ਦੀ ਸੂਚਨਾ ਦੇਣ ਲਈ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਮਨਪ੍ਰੀਤ ਸਿੰਘ ਨੂੰ ਕਈ ਵਾਰ ਮੋਬਾਈਲ ਕੀਤਾ ਪਰ ਉਨ੍ਹਾਂ ਫੋਨ ਚੁੱਕਣਾ ਮੁਨਾਸਬਿ ਨਹੀਂ ਸਮਝਿਆ। ਜ਼ਿਆਦਾ ਬਦਬੂ ਫੈਲਣ ਕਾਰਨ ਨਿਵਾਸੀਆਂ ਨੇ ਕੌਂਸਲਰ ਮੀਨੂੰ ਬਾਂਸਲ ਨੂੰ ਸੂਚਿਤ ਕੀਤਾ। ਕੌਂਸਲਰ ਵੱਲੋਂ ਵੀ ਕਈ ਵਾਰ ਫੋਨ ਕਰਨ ’ਤੇ ਠੇਕੇਦਾਰ ਮਰੀ ਹੋਈ ਗਊ ਨੂੰ ਚੁੱਕਣ ਲਈ ਆਇਆ ਅਤੇ 500 ਰੁਪਏ ਤੁਰੰਤ ਦੇਣ ਦਾ ਹੁਕਮ ਸੁਣਾ ਦਿੱਤਾ ਤੇ ਇਸ ਦੀ ਸ਼ਿਕਾਇਤ ਜਿਸ ਨੂੰ ਮਰਜ਼ੀ ਕਰਨ ਲਈ ਕਹਿਣ ਲੱਗਾ। ਕਾਰਜ ਸਾਧਕ ਮਨਪ੍ਰੀਤ ਸਿੰਘ ਨੇ ਕਿਹਾ ਕਿ ਹੱਡਾਰੋੜੀ ਦਾ ਠੇਕਾ ਨਾ ਹੋਣ ਕਾਰਨ ਠੇਕੇਦਾਰ ਮਨਮਾਨੀਆਂ ਕਰਦੇ ਹਨ।