ਰਵਿੰਦਰ ਰਵੀ
ਬਰਨਾਲਾ, 3 ਦਸੰਬਰ
ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਨਾਲ ਕਚਿਹਰੀ ਚੌਕ ਤੋਂ ਲੈ ਕੇ ਆਈਟੀਆਈ ਚੌਕ ਅਤੇ ਸੰਗਰੂਰ ਰੋਡ ਟੀ-ਪੁਆਇੰਟ ਤੱਕ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਲੱਗੇ ਇਸ਼ਤਿਹਾਰੀ ਬੋਰਡਾਂ ਨੂੰ ਉਤਾਰਿਆ ਗਿਆ। ਇਸ ਮੁਹਿੰਮ ਦੌਰਾਨ ਕੌਂਸਲ ਦੀ ਇਸ਼ਤਿਹਾਰੀ ਸ਼ਾਖ਼ਾ ਵੱਲੋਂ ਕਰੀਬ 50 ਛੋਟੇ-ਵੱਡੇ ਇਸ਼ਤਿਹਾਰਾਂ ਦੇ ਨਾਜਾਇਜ਼ ਬੋਰਡ ਵੀ ਉਤਾਰੇ ਗਏ। ਦੁਕਾਨਦਾਰਾਂ ਨੇ ਦੱਸਿਆ ਕਿ ਦੁਕਾਨਾਂ ’ਤੇ ਲੱਗੇ ਨਿੱਜੀ ਬੋਰਡ ਵੀ ਕੌਂਸਲ ਵੱਲੋਂ ਬਿਨਾਂ ਕਿਸੇ ਨੋਟਿਸ ਦੇ ਧੱਕੇ ਨਾਲ ਪਾੜ ਸੁੱਟੇ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ ਵੱਲੋਂ ਦਾਅਵਾ ਕੀਤਾ ਗਿਆ ਕਿ ਕੌਂਸਲ ਵੱਲੋਂ ਸ਼ਹਿਰ ਅੰਦਰ ਨਾਜਾਇਜ਼ ਲੱਗੇ ਹੋਏ ਇਸ਼ਤਿਹਾਰੀ ਬੋਰਡਾਂ ਨੂੰ ਉਤਾਰਨ ਲਈ ਕੁਝ ਦਿਨ ਪਹਿਲਾਂ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਜਿਨ੍ਹਾਂ ਵਿਅਕਤੀਆਂ ਵੱਲੋਂ ਨਾਜਾਇਜ਼ ਤੌਰ ‘ਤੇ ਲਾਏ ਗਏ ਬੋਰਡ ਨਹੀਂ ਉਤਾਰੇ, ਉਨ੍ਹਾਂ ਬੋਰਡਾਂ ਨੂੰ ਨਗਰ ਕੌਂਸਲ ਦੀ ਟੀਮ ਵੱਲੋਂ ਉਤਾਰ ਦਿੱਤਾ ਗਿਆ। ਜਦਕਿ ਦੁਕਾਨਦਾਰਾਂ ਨੇ ਕੌਂਸਲ ਅਧਿਕਾਰੀਆਂ ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੌਂਸਲ ਨੇ ਆਪਣੇ ਚਹੇਤਿਆਂ ਦਾ ਬੋਰਡਾਂ ਨੂੰ ਲਾਹੁਣਾ ਤਾਂ ਦੂਰ ਦੀ ਗੱਲ ਛੇੜਿਆ ਤੱਕ ਨਹੀਂ ਗਿਆ। ਕਾਰਜਸਾਧਕ ਅਫਸਰ ਨੇ ਆਖਿਆ ਕਿ ਸ਼ਹਿਰ ਅੰਦਰ ਜਿਨ੍ਹਾਂ ਵਿਅਕਤੀਆਂ ਵੱਲੋਂ ਆਪਣੀਆਂ ਦੁਕਾਨਾਂ/ਮਕਾਨਾਂ ਜਾਂ ਸਰਕਾਰੀ ਜਗ੍ਹਾਂ ਉੱਪਰ ਨਾਜਾਇਜ਼ ਬੋਰਡ ਲਗਾਏ ਗਏ ਹਨ, ਉਨ੍ਹਾਂ ਨੂੰ ਤੁਰੰਤ ਉਤਾਰ ਲਿਆ ਜਾਵੇ।