ਜਸਵੰਤ ਜੱਸ
ਫ਼ਰੀਦਕੋਟ, 8 ਫ਼ਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਫ਼ਰੀਦਕੋਟ ਜ਼ਿਲ੍ਹੇ ਤੋਂ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਬੱਚਿਆਂ ਨੇ ਆਪਣੇ ਸਕੂਲ-ਕਾਲਜ ਛੱਡ ਕੇ ਪਿਤਾ ਦੇ ਚੋਣ ਪ੍ਰਚਾਰ ਲਈ ਪਿੜ ਮੱਲ ਲਏ ਹਨ। ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੀ ਧੀ ਸਿਮਰਨ ਸੇਖੋਂ, ਜੋ ਲਾਸ ਏਂਜਲਸ ਵਿੱਚ ਡੈਂਟਲ ਸਾਇੰਸ ਦੀ ਪੜ੍ਹਾਈ ਲਈ ਕਰ ਰਹੀ ਹੈ, ਨੇ ਆਪਣੀ ਪੜ੍ਹਾਈ ਛੱਡ ਕੇ ਆਪਣੇ ਪਿਤਾ ਲਈ ਇੱਥੇ ਆ ਕੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਅਕਾਲੀ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਬੇਟੀ ਗੁਰਰਹਿਮਤ 12ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਉਹ ਚੰਡੀਗੜ੍ਹ ਵਿੱਚ ਪੜ੍ਹ ਹੈ, ਜੋ ਇਨ੍ਹੀ ਦਿਨੀਂ ਆਪਣੇ ਪਿਤਾ ਲਈ ਚੋਣ ਪ੍ਰਚਾਰ ਵਿੱਚ ਰੁੱਝੀ ਹੋਈ ਹੈ। ਇਸੇ ਤਰ੍ਹਾਂ ਬੰਟੀ ਰੋਮਾਣਾ ਦਾ ਲੜਕਾ ਅੰਗਦ ਵੀ ਚੋਣ ਸਰਗਰਮੀਆਂ ਵਿੱਚ ਆਪਣੇ ਪਿਤਾ ਦੀ ਮੱਦਦ ਕਰ ਰਿਹਾ ਹੈ।
ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਧੀ ਰਾਬੀਆ ਵੀ ਸਕੂਲ ਛੱਡ ਕੇ ਆਪਣੇ ਪਿਤਾ ਦੇ ਚੋਣ ਪ੍ਰਚਾਰ ਵਿੱਚ ਸਹਿਯੋਗ ਕਰ ਰਹੀ ਹੈ। ਰਾਬੀਆ ਆਪਣੀ ਮਾਂ ਅਮਨਜੋਤ ਕੌਰ ਢਿੱਲੋਂ ਨਾਲ ਘਰ ਵਿੱਚ ਹੋਣ ਵਾਲੀਆਂ ਮੀਟਿੰਗਾਂ ਦਾ ਪ੍ਰਬੰਧ ਕਰਦੀ ਹੈ। ਹਾਲਾਂਕਿ ਰਾਬੀਆ ਨੇ ਅਜੇ ਤੱਕ ਜਨਤਕ ਮੀਟਿੰਗਾਂ ਸ਼ੁਰੂ ਨਹੀਂ ਕੀਤੀਆਂ। ਕੋਟਕਪੂਰਾ ਤੋਂ ‘ਆਪ’ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਦਾ ਪੁੱਤਰ ਹਰਰੂਪ ਸਿੰਘ ਅਤੇ ਧੀ ਸੂਫ਼ੀਆ ਵੀ ਆਪਣੇ ਪਿਤਾ ਲਈ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਅਕਾਲੀ ਉਮੀਦਵਾਰ ਮਨਤਾਰ ਸਿੰਘ ਬਰਾੜ ਦੇ ਲੜਕੇ ਅਨੂਪ੍ਰਤਾਪ ਸਿੰਘ ਜੋ ਹੁਣੇ ਹੀ ਵਕਾਲਤ ਦੀ ਪੜ੍ਹਾਈ ਕਰਕੇ ਆਏ ਹਨ, ਵੀ ਆਪਣੇ ਪਿਤਾ ਦੇ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਕੋਟਕਪੂਰੇ ਤੋਂ ਪਹਿਲੀ ਵਾਰ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜ ਰਹੇ ਅਜੈਪਾਲ ਸਿੰਘ ਸੰਧੂ ਦਾ ਵੱਡਾ ਲੜਕਾ ਸ਼ਹਬਿਾਜ਼ ਸਿੰਘ ਸੰਧੂ, ਜਿਸ ਨੇ ਬੀ.ਟੈੱਕ ਕੀਤੀ ਹੋਈ ਹੈ ਅਤੇ ਉਹ ਦੋ ਸਕੂਲ ਚਲਾ ਰਿਹਾ ਹੈ, ਵੀ ਆਪਣੇ ਸਕੂਲ ਛੱਡ ਕੇ ਆਪਣੇ ਪਿਤਾ ਦੇ ਚੋਣ ਪ੍ਰਚਾਰ ਨੂੰ ਪਹਿਲ ਦੇ ਰਹੇ ਹਨ। ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ ਬੱਚਿਆਂ ਦੇ ਚੋਣ ਪ੍ਰਚਾਰ ਵਿੱਚ ਕੁੱਦਣ ਨਾਲ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਅਪੀਲ ਲੋਕ ਜ਼ਿਆਦਾ ਧਿਆਨ ਨਾਲ ਸੁਣ ਰਹੇ ਹਨ। ਸਿਮਰਨ ਸੇਖੋਂ ਨੇ ਕਿਹਾ ਕਿ ਵੋਟਰਾਂ ਵੱਲੋਂ ਉਨ੍ਹਾਂ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।