ਪੱਤਰ ਪ੍ਰੇਰਕ
ਚਾਉਕੇ, 27 ਜੁਲਾਈ
ਪਿੰਡ ਜੇਠੂਕੇ ਕੋਲੋਂ ਲੰਘਦੀ ਲਸਾੜਾ ਡਰੇਨ ਦਾ ਕੈਮੀਕਲਾਂ ਵਾਲਾ ਦੂਸ਼ਿਤ ਪਾਣੀ ਓਵਰਫ਼ਲੋ ਗਿਆ ਜਿਸ ਦੀ ਮਾਰ ਹੇਠ ਆਈ ਕਿਸਾਨ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਲੁਧਿਆਣਾ ਤੋਂ ਚਲਦੀ ਇਸ ਡਰੇਨ ’ਚ ਫੈਕਟਰੀਆਂ ਦਾ ਦੂਸ਼ਿਤ ਪਾਣੀ ਪੈਂਦਾ ਹੈ। ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ ਫ਼ੌਜੀ ਤੇ ਬੀਕੇਯੂ ਉਗਰਾਹਾਂ ਦੇ ਬਲਾਕ ਆਗੂ ਨਿੱਕਾ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਲੋਇਰ ਲਸਾੜਾ ਡਰੇਨ ਪੂਰੀ ਤਰ੍ਹਾਂ ਬੂਟੀ ਅਤੇ ਘਾਹ ਫੂਸ ਨਾਲ ਭਰ ਗਈ ਅਤੇ ਜੇਠੂਕੇ ਤੋਂ ਨੈਸ਼ਨਲ ਹਾਈਵੇਅ 7 ਨੂੰ ਜੋੜਦੇ ਪੁਲ ਦੀ ਹਾਲਤ ਖਸਤਾ ਹੋਣ ਕਾਰਨ ਤੇ ਨੀਵਾਂ ਹੋਣ ਕਾਰਨ ਉਹ ਵੀ ਪੂਰੀ ਤਰ੍ਹਾਂ ਬੰਦ ਹੋ ਗਿਆ ਜਿਸ ਕਾਰਨ ਡਰੇਨ ਪੂਰੀ ਭਰ ਗਈ ਤੇ ਖੇਤਾਂ ਵੱਲ ਟੁੱਟ ਗਈ, ਪ੍ਰਦੂਸ਼ਿਤ ਕੈਮੀਕਲਾਂ ਵਾਲਾ ਪਾਣੀ ਨੇੜਲੇ ਖੇਤਾਂ ਵਿਚ ਦਾਖਲ ਹੋ ਗਿਆ, ਜਿਸ ਨੇ ਕਿਸਾਨਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਬੇਸ਼ੱਕ ਮੌੜ ਹਲਕੇ ਦੇ ਐਮਐਲਏ ਸੁਖਵੀਰ ਸਿੰਘ ਮਾਈਸਰਖਾਨਾ ਨੇ ਪੌਕ ਲਾਇਨ ਮਸ਼ੀਨਾਂ ਦਾ ਪ੍ਰਬੰਧ ਕਰਵਾ ਕੇ ਕਿਨਾਰੇ ਪਿਆ ਪਾੜ ਪੂਰ ਦਿੱਤਾ ਪਰ ਪ੍ਰਦੂਸ਼ਿਤ ਪਾਣੀ ਨੇ ਕਿਸਾਨ ਭਗਵਾਨ ਸਿੰਘ ਭੋਲਾ ਦੀ ਢਾਈ ਏਕੜ ਸਬਜ਼ੀ, ਚਾਰ ਏਕੜ ਝੋਨਾ ਬਿਲਕੁਲ ਬਰਬਾਦ ਕਰ ਦਿੱਤਾ ਜੋ ਕਿ 70,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਲਿਆ ਹੋਇਆ ਹੈ। ਇਸੇ ਤਰ੍ਹਾਂ ਜੁਗਰਾਜ ਸਿੰਘ ਦੀ ਲਗਪਗ ਛੇ ਏਕੜ ਝੋਨੇ ਦੀ ਫ਼ਸਲ ਬਿਲਕੁਲ ਬਰਬਾਦ ਹੋ ਗਈ।
ਉਨ੍ਹਾਂ ਸਰਕਾਰ ਤੋ ਮੰਗ ਕੀਤੀ ਕਿ ਉਕਤ ਕਿਸਾਨਾਂ ਨੂੰ ਝੋਨੇ ਦੀ ਫ਼ਸਲ ’ਤੇ 40 ਹਜ਼ਾਰ ਰੁਪਏ ਪ੍ਰਤੀ ਏਕੜ, ਸਬਜ਼ੀ ’ਤੇ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਤੇ ਲਸਾੜਾ ਡਰੇਨ ਦੀ ਹਰ ਸਾਲ ਸਫ਼ਾਈ ਕਰਵਾਈ ਜਾਵੇ ਤੇ ਨੀਵੇਂ ਤੇ ਖਸਤਾ ਹਾਲਤ ਪੁਲ ਨੂੰ ਵੀ ਉੱਚਾ ਚੁੱਕ ਕੇ ਬਣਾਇਆ ਜਾਵੇ।