ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਸਤੰਬਰ
ਸਮਾਜ ਸੇਵੀ ਡਾ. ਐੱਸਪੀ ਸਿੰਘ ਉਬਰਾਏ ਦੀ ਨਿਗਰਾਨੀ ਹੇਠ ਸਰਬੱਤ ਦਾ ਭਲਾ ਟਰੱਸਟ ਦੀ ਬਦੌਲਤ ਕਰੋਨਾ ਕਾਰਨ ਰੁਜ਼ਗਾਰ ਤੋਂ ਵਾਂਝੇ ਹੋਏ ਹਜ਼ਾਰਾਂ ਦੀ ਗਿਣਤੀ ’ਚ ਗ਼ਰੀਬ ਪਰਿਵਾਰਾਂ ਦੇ ਚੁੱਲੇ ਬਲ ਰਹੇ ਹਨ। ਇੱਥੇ ਟਰੱਸਟ ਵੱਲੋਂ 160 ਵਿਧਵਾ ਔਰਤਾਂ ਤੇ ਲੋੜਵੰਦਾਂ ਨੂੰ ਪੈਨਸ਼ਨ ਚੈੱਕ ਤੋਂ ਇਲਾਵਾ ਮਾਸਕ ਤੇ ਸੈਨੇਟਾਈਜ਼ਰ ਵੀ ਵੰਡੇ ਗਏ।
ਜ਼ਿਲ੍ਹਾ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਆਖਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਗ਼ਰੀਬ ਪਰਿਵਾਰਾਂ ਨੂੰ ਢਿੱਡ ਭਰਨ ਲਈ ਅਨਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾ. ਉਬਰਾਏ ਵੱਲੋਂ ਸਿਹਤ ਅਤੇ ਪੁਲੀਸ ਵਿਭਾਗ ਨੂੰ ਵੀ ਕਰੋਨਾ ਨਾਲ ਲੜਨ ਲਈ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਗਿਆ ਹੈ। ਹਰ ਮਹੀਨੇ ਹਜ਼ਾਰਾਂ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਟਰਸਟ ਵੱਲੋਂ ਸਥਾਨਕ ਬਸਤੀ ਗੋਬਿੰਦਗੜ੍ਹ ਵਿਚ ਸਥਾਪਤ ਚੈਰੀਟੇਬਲ ਲੈਬਾਰਟਰੀ ’ਚੋਂ ਲੋਕ ਸਸਤੇ ਭਾਅ ’ਤੇ ਟੈਸਟ ਕਰਵਾ ਰਹੇ ਹਨ। ਇਸ ਮੌਕੇ ਟਰੱਸਟ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਜਨਰਲ ਸਕੱਤਰ ਰਣਜੀਤ ਸਿੰਘ ਧਾਲੀਵਾਲ ਨੇ ਮੀਤ ਪ੍ਰਧਾਨ ਅਵਤਾਰ ਸਿੰਘ ਘੋਲੀਆ ਅਤੇ ਹੋਰ ਦਾਨੀ ਤੇ ਲਾਭਪਾਤਰੀ ਹਾਜ਼ਰ ਸਨ।