ਇਕਬਾਲ ਸਿੰਘ ਸ਼ਾਂਤ
ਲੰਬੀ, 26 ਦਸੰਬਰ
ਪਿੰਡ ਮਾਨ ਵਿੱਚ ਅਦਾਲਤੀ ਸਟੇਅ ਦੇ ਬਾਵਜੂਦ ਗਲੀ ਉਸਾਰੀ ਵਿੱਚ ਜਬਰੀ ਨਿੱਜੀ ਰਕਬਾ ਵਰਤਣ ਦਾ ਮਾਮਲਾ ਗਰਾਮ ਪੰਚਾਇਤ, ਬੀਡੀਪੀਓ ਲੰਬੀ ਅਤੇ ਹੋਰਨਾਂ ’ਤੇ ਭਾਰੀ ਪੈਂਦਾ ਦਿਖਾਈ ਦੇ ਰਿਹਾ ਹੈ। ਸ਼ਿਕਾਇਤਰਕਤਾ ਲਾਲਜੀਤ ਸਿੰਘ ਦਾ ਦੋਸ਼ ਹੈ ਕਿ ਮਲੋਟ ਅਦਾਲਤ ਦੇ ਹੁਕਮਾਂ ਨੂੰ ਲਾਂਭੇ ਕਰ ਕੇ ਅੱਜ ਸਵੇਰੇ ਵਿਵਾਦਤ ਰਕਬੇ ਨੂੰ ਸ਼ਾਮਲ ਕਰ ਕੇ ਗਲੀ ਉਸਾਰਨੀ ਸ਼ੁਰੂ ਕਰ ਦਿੱਤੀ ਗਈ। ਅਦਾਲਤੀ ਹੁਕਮ ਗਲੀ ਉਸਾਰੀ ਤੋਂ ਨਿਸ਼ਾਨਦੇਹੀ ਕਰਵਾਉਣ ਦੇ ਸਨ। ਉਸ ਨੇ ਦੋਸ਼ ਲਗਾਏ ਹਨ ਕਿ ਗਰਾਮ ਪੰਚਾਇਤ ਮਾਨ ਤੇ ਬੀਡੀਪੀਓ ਦਫ਼ਤਰ ਲੰਬੀ ਨੇ ਅਦਾਲਤੀ ਹੁਕਮਾਂ ਦੀ ਪਰਵਾਹ ਨਹੀਂ ਕੀਤੀ।
ਉਸ ਨੇ ਸਰਪੰਚ ਮੰਦਰ ਸਿੰਘ ’ਤੇ ਅਦਾਲਤੀ ਹੁਕਮਾਂ ਦੀ ਕਾਪੀ ਪਾੜਨ ਦੇ ਦੋਸ਼ ਵੀ ਲਗਾਏ ਹਨ। ਪੀੜਤ ਧਿਰ ਨੇ ਸਰਪੰਚ ਮੰਦਰ ਸਿੰਘ ਤੇ ਬੀਡੀਪੀਓ ਲੰਬੀ ਆਦਿ ਖ਼ਿਲਾਫ਼ ਲੰਬੀ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ। ਲਾਲਜੀਤ ਸਿੰਘ ਨੇ ਕਿਹਾ ਕਿ ਸਰਪੰਚ ਮੰਦਰ ਸਿੰਘ ਨੂੰ ਅਦਾਲਤੀ ਹੁਕਮਾਂ ਦੀ ਕਾਪੀ ਦਿੱਤੀ ਤਾਂ ਉਨ੍ਹਾਂ ਕਾਪੀ ਪਾੜ ਦਿੱਤੀ।
ਬੀਡੀਪੀਓ ਤੇ ਸਰਪੰਚ ਨੇ ਦੋਸ਼ ਨਕਾਰੇ
ਬੀਡੀਪੀਓ ਰਾਕੇਸ਼ ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸਟੇਅ ਆਰਡਰ ਮਿਲੇ ਹਨ ਅਤੇ ਤੁਰੰਤ ਕੰਮ ਰੁਕਵਾ ਦਿੱਤਾ ਗਿਆ ਹੈ। ਸੋਮਵਾਰ ਨੂੰ ਮੌਕੇ ਦੀ ਨਿਸ਼ਾਨਦੇਹੀ ਕਰਵਾ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਰਪੰਚ ਮੰਦਰ ਸਿੰਘ ਨੇ ਅਦਾਲਤੀ ਹੁਕਮਾਂ ਦੀ ਉਲੰਘਣਾ ਅਤੇ ਕਾਪੀ ਪਾੜਨ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਵਾਸਤੇ ਦੋਵੇਂ ਧਿਰਾਂ ਬਰਾਬਰ ਹਨ ਅਤੇ ਇਹ ਦੋਵੇਂ ਧਿਰਾਂ ’ਚ ਆਪਸੀ ਰੰਜਿਸ਼ ਦਾ ਮਾਮਲਾ ਹੈ। ਜਿਵੇਂ ਹੀ ਉਨ੍ਹਾਂ ਨੂੰ ਅਦਾਲਤੀ ਹੁਕਮਾਂ ਦੀ ਸੂਚਨਾ ਮਿਲੀ ਉਨ੍ਹਾਂ ਨੇ ਕੰਮ ਰੁਕਵਾ ਦਿੱਤਾ। ਹੁਣ ਪਹਿਲਾਂ ਨਿਸ਼ਾਨਦੇਹੀ ਕਰਵਾਈ ਜਾਵੇਗੀ।