ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 19 ਅਪਰੈਲ
ਸ਼ਹਿਰ ਦੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਿਹਾ ਮਾਮਲਾ ਹੱਲ ਹੋਣ ਦੀ ਬਜਾਏ ਤੂਲ ਫੜਦਾ ਜਾ ਰਿਹਾ ਹੈ। ਅੱਜ ਟਰੱਕ ਯੂਨੀਅਨ ਦੇ ਮੁਨਸ਼ੀ ਵੱਲੋਂ ਪੁਲੀਸ ਕੋਲ ਰਿਤੇਸ਼ ਕੁਮਾਰ ਭਗਤਾ ਤੇ ਉਸ ਦੇ ਇਕ ਸਾਥੀ ਵਿਰੁੱਧ ਟਰੱਕ ਯੂਨੀਅਨ ਦੇ ਕੰਮਕਾਰ ’ਚ ਵਿਘਨ ਪਾਉਣ ਦੀ ਸ਼ਿਕਾਇਤ ਕੀਤੀ ਗਈ। ਇਸੇ ਦੌਰਾਨ ਯੂਥ ਆਗੂ ਰਿਤੇਸ਼ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਅੱਜ ਕਾਫੀ ਗਿਣਤੀ ’ਚ ਟਰੱਕ ਅਪਰੇਟਰਾਂ ਨੇ ਆਪਣੇ ਤੌਰ ’ਤੇ ਮਤਾ ਪਾ ਕੇ ਉਸ ਦੀ ਅਗਵਾਈ ਹੇਠ ਕੰਮ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਛੱਤਰ ਸਿੰਘ ਸਿੱਧੂ ਆਪਣੇ ਸਾਥੀਆਂ ਸਣੇ ਟਰੱਕ ਯੂਨੀਅਨ ’ਚ ਪਹੁੰਚ ਗਏ ਤੇ ਉਨ੍ਹਾਂ ਟਰੱਕ ਅਪਰੇਟਰਾਂ ਵਲੋਂ ਪਾਏ ਗਏ ਮਤੇ ਨੂੰ ਰੱਦ ਕਰਦਿਆਂ ਟਰੱਕ ਯੂਨੀਅਨ ਦਾ ਕੰਮ ਪਹਿਲਾਂ ਵਾਂਗ ਹੀ ਜਾਰੀ ਰੱਖੇ ਜਾਣ ਦਾ ਹੁਕਮ ਕਰ ਦਿੱਤਾ। ਦੂਸਰੇ ਪਾਸੇ ਨਛੱਤਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪ੍ਰਧਾਨਗੀ ਦਾ ਅਜੇ ਕੋਈ ਮਾਮਲਾ ਨਹੀਂ ਤੇ ਇਨ੍ਹਾਂ ਵਿਅਕਤੀਆਂ ਨੇ ਅੱਜ ਟਰੱਕ ਯੂਨੀਅਨ ਦੀ ਸਵੇਰ ਦੀ ਪੁਕਾਰ ’ਚ ਵਿਘਣ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਮੌਸਮ ਦੀ ਖਰਾਬੀ ਦੇ ਚੱਲਦਿਆਂ ਅਨਾਜ ਮੰਡੀਆਂ ਨੂੰ ਸਾਚਾਰੂ ਢੰਗ ਨਾਲ ਚਲਾਉਣ ਤੇ ਕਣਕ ਦੀ ਚੁਕਾਈ ਲਈ ਟਰੱਕਾਂ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਯੂਨੀਅਨ ’ਚ ਟਰੱਕ ਅਪਰੇਟਰਾਂ ਦੀ ਪੁਕਾਰ ਮੁੜ ਚਾਲੂ ਕਰਵਾ ਦਿੱਤੀ ਗਈ ਹੈ। ਯੂਥ ਆਗੂ ਰਿਤੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਇਕ ਵੀਡੀਓ ਜਾਰੀ ਕਰਕੇ ਟਰੱਕ ਅਪਰੇਟਰਾਂ ਨਾਲ ਹੋ ਰਹੀ ਕਥਿਤ ਧਾਂਦਲੀ ਤੇ ਨਿਰਧਾਰਤ ਰੇਟਾਂ ਤੋਂ ਘੱਟ ਮਿਲ ਰਹੇ ਭਾੜੇ ਦਾ ਪਰਦਾ ਫਾਸ਼ ਕੀਤਾ ਸੀ।
ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਠੇਕੇਦਾਰ ਨੇ ਟਰੱਕ ਆਪਰੇਟਰਾਂ ਨਾਲ ਮੁਲਾਕਾਤ ਮਗਰੋਂ ਸਰਕਾਰੀ ਰੇਟਾਂ ਤਹਿਤ ਭਾੜਾ ਦੇਣਾ ਮੰਨ ਲਿਆ ਸੀ। ਇਸ ਮਾਮਲੇ ਸਬੰਧੀ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਕਣਕ ਦੀ ਢੋਆ ਢੁਆਈ ਦੇ ਸੀਜ਼ਨ ਮਗਰੋਂ ਅਪਰੇਟਰਾਂ ਦੀ ਮਰਜੀ ਨਾਲ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਯੂਨੀਅਨ ਦੇ ਕੰਮ ਨੂੰ ਚਲਾ ਸਕਣ ਵਾਲੇ ਵਿਅਕਤੀ ਨੂੰ ਹੀ ਟਰੱਕ ਯੂਨੀਅਨ ਦੀ ਵਾਗਡੋਰ ਸੌਂਪੀ ਜਾਵੇਗੀ।