ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 1 ਅਪਰੈਲ
ਸ਼ਹਿਰ ਦੇ ਸਭ ਤੋਂ ਪੁਰਾਣੇ ਸਿਟੀ ਕਲੱਬ ਦੇ ਮੌਜੂਦਾ ਪ੍ਰਧਾਨ ਨਰਿੰਦਰ ਮੌਂਗਾ ਚੀਕੂ ਵੱਲੋਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਸਿਟੀ ਕਲੱਬ ਨੂੰ ਤਾਲਾ ਲਗਾ ਕੇ ਆਪਣਾ ਅਸਤੀਫਾ ਕਲੱਬ ਦੇ ਮੁੱਖ ਗੇਟ ਤੇ ਚਸਪਾ ਕਰਦਿਆਂ ਇਸ ਦੀਆਂ ਚਾਬੀਆਂ ਐੱਸਡੀਐੱਮ ਗਗਨਦੀਪ ਸਿੰਘ ਨੂੰ ਸੌਂਪ ਦਿੱਤੀਆਂ ਗਈਆਂ ਹਨ। ਉੱਧਰ ਬੀਤੀ ਰਾਤ ਸਿਟੀ ਕਲੱਬ ਵਿੱਚ ਰੋਜ਼ਾਨਾ ਵਾਂਗ ਪੁੱਜੇ ਕਲੱਬ ਦੇ ਸਥਾਈ ਮੈਂਬਰਾਂ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਕਲੱਬ ਨੂੰ ਬੰਦ ਕੀਤੇ ਜਾਣ ਦਾ ਵਿਰੋਧ ਕੀਤਾ। ਕਲੱਬ ਪ੍ਰਧਾਨ ਨਰਿੰਦਰ ਮੌਂਗਾ ਚੀਕੂ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਪ੍ਰਿਤਪਾਲ ਸ਼ਰਮਾ ਵੱਲੋਂ ਕਲੱਬ ’ਤੇ ਬੀਤੇ ਦਿਨੀਂ ਪੁਲੀਸ ਦੀ ਰੇਡ ਕਰਵਾਈ ਗਈ ਸੀ, ਜਿਸ ਦਾ ਮੈਂਬਰਾਂ ਵੱਲੋਂ ਇਤਰਾਜ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਬੀਤੇ ਦਿਨ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੇ ਉਨ੍ਹਾਂ ਨੂੰ ਕਲੱਬ ਦਾ ਰਿਕਾਰਡ ਲੈ ਕੇ ਐੱਸਡੀਐੱਮ ਦਫ਼ਤਰ ਪਹੁੰਚਣ ਦੀ ਹਦਾਇਤ ਕੀਤੀ ਸੀ ਜਿਸ ਤੇ ਉਨ੍ਹਾਂ ਐੱਸਡੀਐੱਮ ਨੂੰ ਆਪਣੀ ਅਸਤੀਫਾ ਅਤੇ ਰਿਕਾਰਡ ਦਿੱਤਾ ਪਰ ਉਨ੍ਹਾਂ ਅਸਤੀਫਾ ਤਾਂ ਲੈ ਲਿਆ ਪਰ ਰਿਕਾਰਡ ਲੈਣ ਤੋਂ ਮਨ੍ਹਾਂ ਕਰ ਦਿੱਤਾ। ਉਧਰ ‘ਆਪ’ ਆਗੂ ਪ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਕਲੱਬ ਵਿਚ ਪੁਲੀਸ ਦੀ ਰੇਡ ਉਨ੍ਹਾਂ ਨਹੀਂ ਕਰਵਾਈ, ਜਦੋਂਕਿ ਕਲੱਬ ਨੂੰ ਸਹੀ ਢੰਗ ਨਾਲ ਚਲਾਉਣ ਲਈ ਉਨ੍ਹਾਂ ਐੱਸਡੀਐੱਮ ਨੂੰ ਜ਼ਰੂਰ ਕਿਹਾ ਸੀ।
ਥਾਂ ਨਗਰ ਕੌਂਸਲ ਦੀ ਹੈ: ਐੱਸਡੀਐੱਮ
ਐੱਸਡੀਐੱਮ ਗਗਨਦੀਪ ਸਿੰਘ ਨੇ ਕਿਹਾ ਕਿ ਕਲੱਬ ਬਾਰੇ ਕੁਝ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਦੇ ਕਲੱਬ ਦੇ ਪ੍ਰਧਾਨ ਚੀਕੂ ਮੋਂਗਾ ਨੂੰ ਰਿਕਾਰਡ ਚੈੱਕ ਕਰਵਾਉਣ ਲਈ ਬੁਲਾਇਆ ਗਿਆ ਸੀ ਪਰ ਉਹ ਰਿਕਾਰਡ ਲਿਆਉਣ ਦੀ ਥਾਂ ਆਪਣਾ ਅਸਤੀਫਾ ਲਿਖ ਕੇ ਦੇ ਗਏ। ਉਨ੍ਹਾਂ ਦੱਸਿਆ ਕਿ ਇਹ ਜਗ੍ਹਾ ਨਗਰ ਕੌਂਸਲ ਦੀ ਹੈ, ਇਸ ਲਈ ਉਨ੍ਹਾਂ ਫਿਲਹਾਲ ਕਾਰਜਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ ਨੂੰ ਕਲੱਬ ਦੀਆਂ ਚਾਬੀਆਂ ਦੇ ਦਿੱਤੀਆਂ ਹਨ ਅਤੇ ਕਲੱਬ ਦੇ ਰਿਕਾਰਡ ਨੂੰ ਹਾਸਲ ਕਰਕੇ ਚੈੱਕ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ਰਿਕਾਰਡ ਵਿਚ ਕੋਈ ਕਮੀ ਪਾਈ ਜਾਂਦੀ ਹੈ, ਤਾਂ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ, ਜਦੋਂ ਕਿ ਕਲੱਬ ਅਤੇ ਬੈਡਮਿੰਟਨ ਹਾਲ ਨੂੰ ਜਲਦੀ ਹੀ ਮੈਂਬਰਜ਼ ਲਈ ਖੋਲ੍ਹ ਦਿੱਤਾ ਜਾਵੇਗਾ।