ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 28 ਜੂਨ
ਇਤਿਹਾਸਕ ਪਿੰਡ ਹਰੀਪੁਰਾ (ਵਡ ਤੀਰਥ ਸਾਹਿਬ) ’ਚ ਉਸਾਰੇ ਗਏ ਸਟੇਡੀਅਮ ਦੇ ਉਦਘਾਟਨ ਤੋਂ ਪਹਿਲਾ ਹੀ ਢਹਿ ਢੇਰੀ ਹੋਣ ਦਾ ਮਾਮਲਾ ਤੂਲ ਫੜਨ ਲੱਗ ਪਿਆ ਹੈ। ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਨੇ ਅੱਜ ਪਿੰਡ ਹਰੀਪੁਰਾ ’ਚ ਨਵੇਂ ਉਸਾਰੇ ਸਟੇਡੀਅਮ ਦੇ ਬਰਸਾਤ ਕਾਰਨ ਢਹਿ-ਢੇਰੀ ਹੋਣ ’ਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਪਿੰਡ ਦਾ ਦੌਰਾ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਪਿੰਡ ਵਾਸੀ ਉਨ੍ਹਾਂ ਦੇ ਨਾਲ ਸਨ। ਵਿਧਾਇਕ ਅਰੁਣ ਨਾਰੰਗ ਨੇ ਇਸ ਸਬੰਧੀ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਿਰਮਾਣ ਦੇ ਕੰਮ ਵਿੱਚ ਘਟੀਆ ਸਮੱਗਰੀ ਅਤੇ ਲਾਪ੍ਰਵਾਹੀ ਹੋਈ ਹੈ, ਇਸ ਲਈ ਜ਼ਿੰਮੇਦਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਹ ਮਾਮਲਾ ਪੰਜਾਬ ਵਿਧਾਨ ਸਭਾ ਵਿੱਚ ਚੁੱਕਣਗੇ ਅਤੇ ਨਾਲ ਹੀ ਕੇਂਦਰ ਸਰਕਾਰ ਦੇ ਧਿਆਨ ਵਿਚ ਵੀ ਲਿਆਉਣਗੇ ਕਿਉਂਕਿ ਸਟੇਡੀਅਮ ਦੀ ਉਸਾਰੀ ਕੇਂਦਰ ਵੱਲੋਂ ਜਾਰੀ ਕੀਤੇ ਫੰਡਾਂ ਨਾਲ ਹੋਈ ਹੈ।