ਜੋਗਿੰਦਰ ਸਿੰਘ ਮਾਨ
ਮਾਨਸਾ, 13 ਜੂਨ
ਵਿਦਿਆਰਥੀ ਜਥੇਬੰਦੀਆਂ ਅਤੇ ਸੀਪੀਆਈ (ਐੱਮ.ਐੱਲ) ਲਬਿਰੇਸ਼ਨ ਨੇ ਐੱਸਐੱਸਪੀ ਮਾਨਸਾ ਤੋਂ ਮੰਗ ਕੀਤੀ ਹੈ ਕਿ ਸ਼ਿਵ ਸ਼ਕਤੀ ਇੰਸਟੀਚਿਊਸ਼ਨ ਆਫ ਨਰਸਿੰਗ ਭੀਖੀ ਦੇ ਮੁੱਖ ਪ੍ਰਬੰਧਕ ਨੂੰ ਵਿਦਿਆਰਥੀਆਂ ਦੇ ਨਾਲ ਕੀਤੇ ਕਥਿਤ ਫਰਾਡ ਤੇ ਧੋਖਾਧੜੀ ਦੇ ਮਾਮਲੇ ਵਿਚ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਆਗੂਆਂ ਦਾ ਕਹਿਣਾ ਹੈ ਕਿ ਫਰਾਡ ਦਾ ਸ਼ਿਕਾਰ ਹੋਏ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਸਾਲ 2008 ਤੋਂ ਇਨਸਾਫ ਲੈਣ ਲਈ ਲੜ ਰਹੇ ਹਨ। ਇਸ ਲਈ ਪੀੜਤਾਂ ਦੇ ਸਬਰ ਦਾ ਹੋਰ ਇਮਤਿਹਾਨ ਨਾ ਲਿਆ ਜਾਵੇ।
ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਅਤੇ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਇਸ ਸਬੰਧੀ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸੰਸਥਾ ਦੇ ਪ੍ਰਬੰਧਕ ਖ਼ਿਲਾਫ਼ ਅਦਾਲਤ ਦੇ ਹੁਕਮਾਂ ਨਾਲ ਪੜਤਾਲ ਕਰਨ ਤੋਂ ਬਾਅਦ ਪੁਲੀਸ ਵੱਲੋਂ ਥਾਣਾ ਭੀਖੀ ਵਿੱਚ 4 ਮਈ, 2022 ਨੂੰ ਆਈਪੀਸੀ ਧਾਰਾ 419 ਤੇ 420 ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਅਜੇ ਤੱਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਉਹ ਸ਼ਹਿਰ ਵਿੱਚ ਘੁੰਮ-ਫਿਰ ਰਹੇ ਹਨ।
ਇਸ ਮਾਮਲੇ ਸਬੰਧੀ ਅੱਜ ਇਥੇ ਕੀਤੀ ਗਈ ਮੀਟਿੰਗ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਅਤੇ ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਆਗੂਆਂ ਨੇ ਦੱਸਿਆ ਕਿ 2007-08 ਦੇ ਸੈਸ਼ਨ ਵਿਚ ਨਰਸਿੰਗ ਵਿਦਿਆਰਥੀਆਂ ਤੋਂ ਪੂਰੇ ਸਾਲ ਦੀ ਫੀਸ, ਹੋਸਟਲ ਫੀਸ ਤੇ ਖਾਣੇ ਦਾ ਖਰਚ ਐਡਵਾਂਸ ਜਮ੍ਹਾਂ ਕਰਵਾਉਣ ਦੇ ਬਾਵਜੂਦ ਨਾ ਤਾਂ ਕਾਲਜ ਵਿੱਚ ਕੋਈ ਕੁਆਲੀਫਾਈਡ ਸਟਾਫ ਭਰਤੀ ਕੀਤਾ ਗਿਆ ਅਤੇ ਨਾ ਹੀ ਪ੍ਰੈਕਟੀਕਲ ਟ੍ਰੇਨਿੰਗ, ਹੋਸਟਲ ਤੇ ਖਾਣੇ ਸਬੰਧੀ ਤਹਿ ਸ਼ਰਤਾਂ ਹੀ ਪੂਰੀਆਂ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਉਸ ਵੇਲੇ ਅੰਦੋਲਨ ਆਰੰਭਿਆ ਗਿਆ ਸੀ।
ਦਰਜ ਕੀਤੇ ਗਏ ਕੇਸ ਦਾ ਵੇਰਵਾ
ਵਿਦਿਆਰਥੀ ਜਥੇਬੰਦੀਆਂ ਨੇ ਦੱਸਿਆ ਕਿ ਹੁਸ਼ਿਆਰਪੁਰ ਨਾਲ ਸਬੰਧਤ ਇਕ ਵਿਦਿਆਰਥਣ ਦੇ ਪਿਤਾ ਕਾਮਰੇਡ ਮਹਿੰਦਰ ਨਾਥ ਦੀ ਅਗਵਾਈ ਵਿਚ ਮਾਪਿਆਂ ਨੇ ਸ਼ਿਵ ਸ਼ਕਤੀ ਕਾਲਜ ਨੂੰ ਜਮ੍ਹਾਂ ਕਰਵਾਏ ਆਪਣੇ ਪੈਸੇ ਵਾਪਸ ਲੈਣ ਲਈ ਸਟੇਟ ਝਗੜਾ ਨਿਪਟਾਊ ਫੋਰਮ ਵਿੱਚ ਕੇਸ ਦਾਇਰ ਕਰ ਦਿੱਤਾ ਸੀ ਜਿਸ ਤਹਿਤ ਕਾਲਜ ਮੈਨੇਜਮੈਂਟ ਨੂੰ ਇਕ ਲੱਖ ਰੁਪਏ ਦੇ ਹਿਸਾਬ ਨਾਲ 40 ਵਿਦਿਆਰਥੀਆਂ ਨੂੰ ਕੁੱਲ 40 ਲੱਖ ਰੁਪਏ ਵਾਪਸ ਕਰਨ ਦੇ ਹੁਕਮ ਦਤੱਗੇ ਗਏ ਪਰ ਮੈਨੇਜਮੈਂਟ ਨੇ 14 ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਵੀ ਵਿਦਿਆਰਥੀਆਂ ਨੂੰ ਇਹ ਰਾਸ਼ੀ ਵਾਪਸ ਨਹੀਂ ਕੀਤੀ, ਜਿਸ ਨੂੰ ਲੈ ਕੇ ਹੁਣ ਪਰਚਾ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਵਿਦਿਆਰਥੀ ਧਿਰਾਂ ਦਾ ਕਹਿਣਾ ਹੈ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਪੁਲੀਸ ਖ਼ਿਲਾਫ਼ ਵੀ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਨੇ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਵੀ ਲਿਆਂਦਾ ਹੈ।