ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ/ ਮੋਗਾ, 25 ਜੁਲਾਈ
ਇਥੇ ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਏਟਕ) ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਮਨਰੇਗਾ ਕਾਮਿਆਂ ਨੂੰ ਲੁੱਟਣ ਵਾਲਿਆਂ ਵਿਰੁੱਧ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਗਰਾਹੇ ਪੈਸੇ ਵਾਪਸ ਕਰਵਾਏ ਜਾਣ। ਜਾਣਕਾਰੀ ਅਨੁਸਾਰ ਆਡਿਟ ਵਿਭਾਗ ਵੱਲੋਂ ਮੋਗਾ-1 ਬਲਾਕ ਵਿੱਚ ਮਨਰੇਗਾ ਤਹਿਤ ਹੋਏ ਵਿਕਾਸ ਤੇ ਕੰਮਾਂ ਦਾ ਆਡਿਟ ਕਰਨ ਉਪਰੰਤ ਤਹਿ ਅਸਟੀਮੇਟ ਤੋਂ ਕਈ ਲੱਖ ਵਧੇਰੇ ਦੀ ਰਕਮ ਖਰਚ ਹੋਣ ਦਾ ਪਤਾ ਲੱਗਣ ’ਤੇ ਆਡਿਟ ਟੀਮ ਨੇ ਵਾਧੂ ਖਰਚਿਆ ਪੈਸਾ ਸਰਕਾਰ ਕੋਲ ਵਾਪਸ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਸੀ ਪਰ ਅਧਿਕਾਰੀਆਂ ਵਲੋਂ ਆਪਣੀ ਗਲਤੀ ਦਾ ਖਮਿਆਜ਼ਾ ਮਨਰੇਗਾ ਕਾਮਿਆਂ ਸਿਰ ਮੜ੍ਹ ਦਿਆਂ ਉਨ੍ਹਾਂ ਤੋਂ ਪੈਸੇ ਉਗਰਾਹੁਣ ਦਾ ਪਤਾ ਲੱਗਿਆ ਹੈ। ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸਲਾਹਕਾਰ ਕੁਲਦੀਪ ਸਿੰਘ ਭੋਲਾ ਨੇ ਦੱਸਿਆ ਕਿ ਬੀਡੀਪੀਓ ਵੱਲੋਂ ਇਹ ਜਾਂਚ ਰਿਪੋਰਟ ਮਹੀਨਾ ਪਹਿਲਾਂ ਡਾਇਰੈਕਟਰ, ਮਨਰੇਗਾ ਦੇ ਮੁੱਖ ਦਫ਼ਤਰ , ਡੀਸੀ ਮੋਗਾ ਤੇ ਏਡੀਸੀ ਮੋਗਾ ਨੂੰ ਦੇ ਦਿੱਤੀ ਗਈ ਸੀ ਪਰ ਅੱਜ ਤੱਕ ਗਰੀਬ ਕਾਮਿਆਂ ਦਾ ਸ਼ੋਸ਼ਣ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ ਵਿਰੁੱਧ ਬਣਦੀ ਕਾਰਵਾਈ ਨਹੀਂ ਕੀਤੀ ਗਈ। ਸਗੋਂ ਡੀਸੀ ਵਲੋਂ ਜਾਂਚ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਬੀਡੀਪੀਓ ਰਾਜਵਿੰਦਰ ਸਿੰਘ ਨੇ ਕਿਹਾ ਕਿ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ।