ਨਿੱਜੀ ਪੱਤਰ ਪ੍ਰੇਰਕ
ਮਲੋਟ, 10 ਸਤੰਬਰ
ਡਾਕਟਰੀ ਕਿੱਤੇ ਨਾਲ ਜੁੜੇ ‘ਗੁਰੂ ਰਾਮਦਾਸ ਹਸਪਤਾਲ’ ਦੇ ਸੰਚਾਲਕ, ਮਲੋਟ ਦੇ ਵਸਨੀਕ ਨੌਜਵਾਨ ਗੁਰਬਖਸ਼ ਸਿੰਘ ਨਾਲ ਵਿਆਹੀ ਰੁਪਿੰਦਰ ਕੌਰ ਨਾਮਕ ਲੜਕੀ ਦੇ ਭਰਾ ਜਸਕੀਰਤ ਸਿੰਘ ਨੇ ਕੁਝ ਹੋਰ ਵਿਅਕਤੀਆਂ ਦੀ ਮਦਦ ਨਾਲ ਆਪਣੀ ਭੈਣ ਦੇ ਸਹੁਰਿਆਂ (ਮਲੋਟ) ਤੋਂ ਉਸਦੀ ਕਾਨਵੈਂਟ ਸਕੂਲ ਵਿੱਚ ਪੜ੍ਹਦੀ ਸੱਤ ਸਾਲਾਂ ਦੀ ਬੱਚੀ ਪ੍ਰਭਜੋਤ ਕੌਰ ਨੂੰ ਰਸਤੇ ’ਚੋਂ ਹੀ ਨਹੀਂ ਚੁੱਕਿਆ, ਸਗੋਂ ਬੱਚੇ ਦੀ ਮਾਂ ਰੁਪਿੰਦਰ ਕੌਰ ਵੀ ਭੱਜਦੀ ਹੋਈ ਇਕ ਕਾਰ ਬੈਠਦੀ ਦੀਆਂ ਦੋਨੋਂ ਘਟਨਾਵਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਸਿਟੀ ਮਲੋਟ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਬਖਸ਼ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਸਦੇ ਸਾਲੇ ਜਸਕੀਰਤ ਸਿੰਘ ਜੱਸੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਥਾਣਾ ਸਿਟੀ ਮਲੋਟ ਵਿੱਚ ਜਸਕੀਰਤ ਸਿੰਘ ’ਤੇ ਪਹਿਲਾਂ ਵੀ ਦੋ ਪੁਲੀਸ ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਉਹ ਜ਼ਮਾਨਤ ’ਤੇ ਬਾਹਰ ਹਨ। ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਸਦੇ ਸਹੁਰਾ ਪਰਿਵਾਰ ਵੱਲੋਂ ਪਹਿਲਾਂ ਵੀ ਉਸਦੀ ਕੁੱਟਮਾਰ ਕੀਤੀ ਗਈ ਹੈ, ਜੋ ਹੁਣ ਤੱਕ ਉਹ ਇਸ ਲਈ ਸਹਿੰਦਾ ਰਿਹਾ ਕਿ ਘਰ ਦੀ ਗੱਲ ਬਾਹਰ ਨਾ ਜਾਵੇ, ਪਰ ਅੱਜ ਮਜ਼ਬੂਰਨ ਉਸਨੂੰ ਪ੍ਰੈੱਸ ਕਾਨਫਰੰਸ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਸ ਘਰੇਲੂ ਝਗੜੇ ਸਬੰਧੀ ਅਦਾਲਤ ਵਿੱਚ ਕੇਸ ਵਿਚਾਰ ਅਧੀਨ ਹੈ। ਅਦਾਲਤ ਬੱਚੀ ਕਿਸੇ ਨੂੰ ਵੀ ਦੇਵੇ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ, ਪਰ ਬੱਚੀ ਨੂੰ ਜ਼ਬਰਦਸਤੀ ਰਸਤੇ ਵਿੱਚੋਂ ਚੁੱਕ ਕੇ ਲਿਜਾਣਾ ਅਪਰਾਧ ਹੈ। ਉਧਰ, ਦੂਜੀ ਧਿਰ ਦਾ ਪੱਖ ਜਾਨਣ ਲਈ ਉਨ੍ਹਾਂ ਦੇ ਮੋਬਾਈਲ ਨੰਬਰ 76578-42630 ’ਤੇ ਫੋਨ ਕੀਤਾ ਗਿਆ ਤਾਂ ਉਹ ਬੰਦ ਆ ਰਿਹਾ ਸੀ। ਗੁਰਬਖਸ਼ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਉਹ ਥਾਣਾ ਇੰਚਾਰਜ ਵਰੁਣ ਮੱਟੂ ਅਤੇ ਡੀਐੱਸਪੀ ਮਲੋਟ ਬਲਕਾਰ ਸਿੰਘ ਤੋਂ ਇਲਾਵਾ ਜ਼ਿਲ੍ਹਾ ਪੁਲੀਸ ਕਪਤਾਨ ਨੂੰ ਵੀ ਮਿਲ ਚੁਕੇ ਹਨ, ਪਰ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।