ਪੱਤਰ ਪ੍ਰੇਰਕ
ਲੰਬੀ, 20 ਸਤੰਬਰ
ਬੀਦੋਵਾਲੀ-ਲਾਲਬਾਈ ਲਿੰਕ ਸੜਕ ’ਤੇ ਅੱਜ ਹੌਂਡਾ ਸਿਟੀ ਕਾਰ ਦਰੱਖਤ ਨਾਲ ਟਕਰਾਉਣ ਕਰਕੇ 17 ਸਾਲਾ ਲੜਕੀ ਦੀ ਮੌਤ ਹੋ ਗਈ ਜਦਕਿ ਕਾਰ ਸਵਾਰ ਦੋ ਨੌਜਵਾਨ ਅਤੇ ਇੱਕ ਲੜਕੀ ਜ਼ਖ਼ਮੀ ਹੋ ਗਈ। ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਮ੍ਰਿਤਕ ਲੜਕੀ ਦੀ ਸ਼ਨਾਖ਼ਤ ਨਵਜੋਤ ਕੌਰ (17) ਵਾਸੀ ਪਿੰਡ ਸਮਾਘ ਵਜੋਂ ਹੋਈ ਹੈ।
ਕਾਰ ਸਵਾਰ ਹੌਂਡਾ ਸਿਟੀ ਕਾਰ ’ਤੇ ਪਿੰਡ ਬਾਦਲ ਤੋਂ ਗਿੱਦੜਬਾਹਾ ਜਾ ਰਹੇ ਸਨ। ਰਾਹ ਵਿੱਚ ਕਾਰ ਦਰੱਖਤ ਨਾਲ ਟਕਰਾ ਕੇ ਪਲਟ ਗਈ ਜਿਸ ਕਾਰਨ ਨਵਜੋਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ। ਰਾਹਗੀਰਾਂ ਦੀ ਸੂਚਨਾ ਮਿਲਣ ’ਤੇ 108 ਐਂਬੂਲੈਂਸ ਨੇ ਤਿੰਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਗਿੱਦੜਬਾਹਾ ਪਹੁੰਚਾਇਆ। ਜ਼ਖ਼ਮੀ ਨੌਜਵਾਨਾਂ ਦੀ ਪਛਾਣ ਮਨੀ ਪੁੱਤਰ ਗੁਰਦੀਪ ਸਿੰਘ ਵਾਸੀ ਬੀਦੋਵਾਲੀ ਅਤੇ ਲਵਪ੍ਰੀਤ ਪੁੱਤਰ ਜਸਵੀਰ ਸਿੰਘ ਵਾਸੀ ਗਿੱਦੜਬਾਹਾ ਵਜੋਂ ਹੋਈ। ਦੋਵੇਂ ਜ਼ਖ਼ਮੀ ਨੌਜਵਾਨ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਜ਼ੇਰੇ ਇਲਾਜ ਹਨ। ਹਾਦਸੇ ’ਚ ਗੰਭੀਰ ਜ਼ਖ਼ਮੀ ਹਰਪ੍ਰੀਤ ਕੌਰ ਵਾਸੀ ਮਨੀਆਂਵਾਲਾ ਸਮਾਘ ਨੂੰ ਫਰੀਦਕੋਟ ਰੈਫ਼ਰ ਕੀਤਾ ਗਿਆ ਹੈ।