ਪੱਤਰ ਪ੍ਰੇਰਕ
ਬੋਹਾ, 5 ਸਤੰਬਰ
ਇਥੇ ਨਹਿਰ ਸੰਘਰਸ਼ ਕਮੇਟੀ ਬਲਾਕ ਬੋਹਾ ਨੇ ਸਿੰਜਾਈ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਇਕ ਪੱਤਰ ਲਿਖ ਕੇ ਕਿਸਾਨਾਂ ਨੂੰ ਨਹਿਰੀ ਪਾਣੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਹੈ। ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੰਢਾਲੀ ਤੇ ਪ੍ਰੈੱਸ ਸਕੱਤਰ ਸ਼ੇਰ ਸਿੰਘ ਨੇ ਦੱਸਿਆ ਹੈ ਕਿ ਇਸ ਪੱਤਰ ਰਾਹੀਂ ਸਿੰਜਾਈ ਸਕੱਤਰ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਭਰਥਲਾ ਹੈੱਡ (ਜੋੜੇਪੁਲ) ਤੋਂ ਨਿਕਲਦੀ ਪਟਿਆਲਾ ਨਹਿਰ ਨੰਬਰ ਦੋ ਅਜੇ ਤੱਕ ਕੱਚੀ ਹੈ ਤੇ ਇਸ ਵਿੱਚ ਕਈ ਥਾਈਂ ਬਹੁਤ ਸਾਰੇ ਦਰੱਖ਼ਤ ਡਿੱਗੇ ਹੋਏ ਹਨ। ਇਸ ਹੈੱਡ ਨਹਿਰ ਲਈ ਪ੍ਰਵਾਨਿਤ ਪਾਣੀ 1470 ਕਿਊਸਿਕ ਬਣਦਾ ਹੈ ਪਰ ਨਹਿਰ ਕੱਚੀ ਹੋਣ ਕਾਰਨ 500-600 ਕਿਉਸਿਕ ਪਾਣੀ ਹੀ ਇਸ ਵਿੱਚ ਪਹੁੰਚਦਾ ਹੈ। ਉਨ੍ਹਾਂ ਦੱਸਿਆ ਕਿ ਭਾਖੜਾ ਨਹਿਰ ਦੇ ਦਿੱਤੂਪੁਰ ਹੈੱਡ ਰਾਹੀਂ, ਜੋ ਪਾਣੀ ਰੋਹਟੀ ਪੁਲ ਆ ਕੇ ਘੱਗਰ ਨਹਿਰ ਵਿਚ ਪੈਂਦਾ ਹੈ ਉਸਦੀ ਮਾਤਰਾ ਵੀ 100-200 ਕਿਊਸਿਕ ਹੀ ਬਣਦੀ ਹੈ। ਉਨ੍ਹਾਂ ਮੰਗ ਕੀਤੀ ਕਿ ਭਰਥਲਾ ਹੈੱਡ ਤੋ ਰੋਹਟੀ ਪੁਲ ਤੱਕ ਨਹਿਰ ਨੂੰ ਪੱਕਾ ਕੀਤਾ ਜਾਵੇ। ਨਹਿਰ ਦੀ ਸਫ਼ਾਈ ਕਰਵਾ ਕੇ ਇਸ ਵਿਚ 1100- 1200 ਕਿਊਸਿਕ ਪਾਣੀ ਛੱਡਿਆ ਜਾਵੇ। ਭਾਖੜਾ ਹੈੱਡ ਤੋਂ ਮਿਲਦਾ ਪਾਣੀ ਪੂਰਾ ਕੀਤਾ ਜਾਵੇ।