ਜਸਵੰਤ ਸਿੰਘ ਥਿੰਦ
ਮਮਦੋਟ, 27 ਮਈ
ਨਗਰ ਪੰਚਾਇਤ ਮਮਦੋਟ ਵੱਲੋਂ ਬੱਸ ਅੱਡੇ ’ਤੇ ਭਾਰਤ ਸਵੱਛਤਾ ਮੁਹਿੰਮ ਤਹਿਤ ਬਣਾਇਆ ਬਾਥਰੂਮ ਨਸ਼ੇੜੀਆਂ ਦਾ ਅੱਡਾ ਬਣਦਾ ਜਾ ਰਿਹਾ ਹੈ। ਬਾਥਰੂਮ ਵਿੱਚ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਨਗਰ ਪੰਚਾਇਤ ਦੇ ਅਧਿਕਾਰੀਆਂ ਦਾ ਇਸ ਵੱਲ ਬਿਲਕੁਲ ਧਿਆਨ ਨਹੀਂ ਹੈ। ਇੱਥੇ ਜ਼ਿਕਰਯੋਗ ਹੈ ਕਿ ਇਹ ਬਾਥਰੂਮ ਨਗਰ ਪੰਚਾਇਤ ਦੇ ਦਫ਼ਤਰ ਤੋਂ ਕਰੀਬ ਡੇਢ ਸੌ ਮੀਟਰ ਦੀ ਦੂਰੀ ’ਤੇ ਬਣਿਆ ਹੋਇਆ ਹੈ। ਬਾਥਰੂਮ ਦੀ ਪਾਣੀ ਵਾਲੀ ਪਾਈਪ ਪਿਛਲੇ ਕਈ ਦਿਨਾਂ ਤੋਂ ਟੁੱਟੀ ਹੋਣ ਕਾਰਨ ਪਾਣੀ ਨਾ ਹੋਣ ਸਬੰਧੀ ਬਹੁਤ ਸਾਰੇ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਾਥਰੂਮ ਵਿੱਚ ਜੋ ਟਾਇਲਟ ਸੀਟ ਲੱਗੀਆਂ ਹਨ ਉਨ੍ਹਾਂ ਦੇ ਉਪਰ ਲੱਗੀ ਪਾਣੀ ਵਾਲੀ ਟੈਂਕੀ ਵਿੱਚ ਪਾਣੀ ਦੀ ਬਜਾਏ ਨਸ਼ੇੜੀਆਂ ਵੱਲੋਂ ਸਮੈਕ ਪੀ ਕੇ ਸਿਲਵਰ ਪੇਪਰ ਟੈਂਕੀ ਵਿੱਚ ਪਾ ਦਿੱਤੇ ਜਾਂਦੇ ਹਨ। ਇਸ ਸਬੰਧੀ ਲੋਕਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ੇੜੀਆਂ ਨੂੰ ਕਾਬੂ ਕੀਤਾ ਜਾਵੇ। ਉਧਰ, ਲੋਕਾਂ ਵੱਲੋਂ ਨਗਰ ਪੰਚਾਇਤ ਦੇ ਅਧਿਕਾਰੀਆਂ ਤੋਂ ਵੀ ਮੰਗ ਕੀਤੀ ਗਈ ਹੈ ਕਿ ਪਖ਼ਾਨਾ ਘਰ ਵਿੱਚ ਪਾਣੀ ਉਪਲੱਬਧ ਕਰਾਇਆ ਜਾਵੇ।
ਬਾਥਰੂਮਾਂ ਵਿੱਚ ਪਾਣੀ ਨਾ ਆਉਣ ਸਬੰਧੀ ਜਦੋਂ ਈਓ ਨਰਿੰਦਰਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਪਤਾ ਨਹੀਂ ਹੈ। ਹੁਣ ਤੁਸੀਂ ਜਦੋਂ ਮੇਰੇ ਧਿਆਨ ਵਿੱਚ ਲਿਆ ਦਿੱਤਾ ਹੈ ਤਾਂ ਇਸ ਨੂੰ ਜਲਦੀ ਹੀ ਠੀਕ ਕਰਵਾ ਦਿੱਤਾ ਜਾਵੇਗਾ।