ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਕੋਟਕਪੂਰਾ ਤੋਂ ਨੱਥੂਵਾਲਾ ਨੂੰ ਜਾ ਰਹੀ ਇਕ ਨਿੱਜੀ ਬੱਸ ਫਰੀਦਕੋਟ-ਕੋਟਕਪੂਰਾ ਰੋਡ ’ਤੇ ਡੇਰਾ ਰਾਧਾ ਸੁਆਮੀ ਨਜ਼ਦੀਕ ਹਾਦਸਾਗ੍ਰਸਤ ਹੋ ਗਈ। ਇਸ ਬੱਸ ਵਿੱਚ 35 ਬਜ਼ੁਰਗ ਮਰੀਜ਼ ਸਵਾਰ ਸਨ ਜਿਨ੍ਹਾਂ ਦੇ ਕੁਝ ਘੰਟੇ ਪਹਿਲਾਂ ਹੀ ਕੋਟਕਪੂਰਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਅੱਖਾਂ ਦੇ ਲੈਂਜ਼ ਪਏ ਸਨ। ਸੂਚਨਾ ਅਨੁਸਾਰ ਫ਼ਰੀਦਕੋਟ ਦੀ ਤਰਫੋਂ ਨੱਥੂਵਾਲਾ ਨੂੰ ਜਾਂਦੀ ਇਕ ਤੇਜ਼ ਰਫ਼ਤਾਰ ਕਾਰ ਨੇ ਕੋਟਕਪੂਰਾ ਤੋਂ ਆ ਰਹੀ ਬੱਸ ਨੂੰ ਟੱਕਰ ਮਾਰ ਦਿੱਤੀ ਜੋ ਬਾਅਦ ’ਚ ਪੀਆਰਟੀਸੀ ਦੀ ਬੱਸ ਵਿੱਚ ਜਾ ਵੱਜੀ। ਇਸ ਹਾਦਸੇ ਨਾਲ ਬੱਸ ‘ਚ ਸਵਾਰ ਮਰੀਜ਼ਾਂ ਨੂੰ ਮਾਮੂਲੀ ਸੱਟਾਂ ਵੱਜੀਆਂ। ਡਾਕਟਰਾਂ ਦੀ ਇਕ ਟੀਮ ਨੇ ਮੌਕੇ ਤੇ ਪਹੁੰਚ ਕੇ ਮਰੀਜ਼ਾਂ ਦੀ ਸਿਹਤ ਦਾ ਜਾਇਜ਼ਾ ਲਿਆ ਅਤੇ ਖੁਲਾਸਾ ਕੀਤਾ ਕਿ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਹੋਏ ਸਨ, ਉਨ੍ਹਾਂ ਦੀ ਹਾਲਤ ਠੀਕ ਹੈ। ਇਸ ਹਾਦਸੇ ਵਿੱਚ ਛੇ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ ਜਦੋਂ ਕਿ ਕਾਰ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੈ। ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਪਾਸੇ ਕੀਤਾ ਤੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।