ਲਖਵੀਰ ਸਿੰਘ ਚੀਮਾ
ਟੱਲੇਵਾਲ, 5 ਅਕਤੂਬਰ
ਪਿੰਡ ਵਿਧਾਤਾ ਦੇ ਵਾਟਰ ਵਰਕਸ ਦੀ 15 ਦਿਨਾਂ ਤੋਂ ਪਾਣੀ ਵਾਲੀ ਮੋਟਰ ਸੜਨ ਕਾਰਨ ਲੋਕਾਂ ਦੀ ਜੀਣਾ ਮੁਹਾਲ ਹੋ ਗਿਆ ਹੈ। ਵਿਭਾਗ ਦੇ ਅਧਿਕਾਰੀ ਪਿੰਡ ਵਾਸੀਆਂ ਨੂੰ ਆਪਣੇ ਪੱਧਰ ’ਤੇ ਮੋਟਰ ਚਲਾਉਣ ਦੇ ਪ੍ਰਬੰਧ ਦੀ ਗੱਲ ਆਖ ਰਹੇ ਹਨ। ਜਿਸ ਕਾਰਨ ਪਿੰਡ ਦੇ ਲੋਕਾਂ ’ਚ ਵਿਭਾਗੀ ਅਧਿਕਾਰੀਆਂ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀ ਅੰਗਰੇਜ਼ ਸਿੰਘ, ਲਛਮਨ ਸਿੰਘ, ਹਰਬੰਸ ਸਿੰਘ, ਜਗਰਾਜ ਸਿੰਘ, ਗੁਰਦੀਪ ਸਿੰਘ ਅਤੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਵਾਟਰ ਵਰਕਸ ਦੇ ਪਿੰਡ ਵਿੱਚ 230 ਕਨੈਕਸ਼ਨ ਹਨ, ਜੋ ਮੋਟਰ ਮੱਚਣ ਕਾਰਨ 15 ਦਿਨਾਂ ਤੋਂ ਪਾਣੀ ਦੀ ਬੂੰਦ ਨੂੰ ਤਰਸ ਰਹੇ ਹਨ। ਉਨ੍ਹਾਂ ਨੂੰ ਕਿਹਾ ਕਿ ਪਿੰਡ ਦੇ ਪਸ਼ੂਆਂ ਤਿਹਾਏ ਹਨ, ਕੱਪੜੇ ਧੋਣ ਜਾਂ ਨਹਾਉਣ ਤਾਂ ਦੂਰ ਦੀ ਗੱਲ ਪੀਣ ਲਈ ਵੀ ਪਾਣੀ ਨਹੀਂ ਮਿਲ ਰਿਹਾ।
ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਪਿੰਡ ਪੱਧਰ ’ਤੇ ਮੋਟਰ ਠੀਕ ਕਰਕੇ ਚਾਲੂ ਕਰਨ ਦੀ ਗੱਲ ਆਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਹਾ ਕਿ ਵਾਟਰ ਵਰਕਸ ਨਾਲ ਜੁੜੇ ਕਨੈਕਸ਼ਨਾਂ ਦੇ ਪਰਿਵਾਰ ਆਪਣੇ ਆਂਢ ਗੁਆਂਢ ਤੋਂ ਬਾਲਟੀਆਂ ਆਦਿ ਰਾਹੀਂ ਪਾਣੀ ਦੇ ਪ੍ਰਬੰਧ ਕਰ ਰਿਹਾ ਹੈ। ਅੱਜ ਵਿਭਾਗ ਦੇ ਬਰਨਾਲਾ ਦਫ਼ਤਰ ਅੱਗੇ ਵੀ ਇਸਦਾ ਪਿੰਡ ਵਾਸੀ ਰੋਸ ਜਤਾ ਕੇ ਆਏ ਹਨ। ਜੇਕਰ ਫ਼ਿਰ ਵੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਵਿਭਾਗ ਵਿਰੁੱਧ ਸਖ਼ਤ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਸਬੰਧੀ ਵਾਟਰ ਵਰਕਸ ਵਿਭਾਗ ਦੇ ਐਕਸੀਅਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਵਰੇ ਸਾਢੇ 4 ਲੱਖ ਦਾ ਵਾਟਰ ਵਰਕਸ ਲਈ ਐਸਟੀਮੇਟ ਪਾਸ ਹੋਇਆ ਸੀ, ਪਰ ਉਸ ਸਮੇਂ ਪੰਚਾਇਤ ਨੇ ਵਿਭਾਗ ਨੂੰ ਕੋਈ ਮਤਾ ਪਾਸ ਕਰਕੇ ਨਹੀਂ ਦਿੱਤਾ। ਹੁਣ ਵੀ ਨਵੀਂ ਗ੍ਰਾਂਟ ਪੰਚਾਇਤ ਨੂੰ ਵਿੱਤ ਕਮਿਸ਼ਨ ਵਲੋਂ ਵਾਟਰ ਵਰਕਸ ਲਈ ਦਿੱਤੀ ਗਈ ਹੈ। ਪੁਰਾਣੀ ਮੋਟਰ ਨੂੰ ਠੀਕ ਕਰਨ ਲਈ ਜੇਈ ਦੀ ਡਿਊਟੀ ਲਗਾ ਦਿੱਤੀ ਹੈ ਅਤੇ ਨਵੀਂ ਮੋਟਰ ਦਾ ਪ੍ਰਬੰਧ ਵੀ ਜਲਦ ਕਰਵਾ ਦਿੱਤਾ ਜਾਵੇਗਾ।