ਲਖਵੀਰ ਸਿੰਘ ਚੀਮਾ
ਟੱਲੇਵਾਲ, 13 ਸਤੰਬਰ
ਪਿੰਡ ਕੈਰੇ ਵਿੱਚ ਇੱਕ ਗਰੀਬ ਪਰਿਵਾਰ ਦੀ ਮੱਝ ਛੱਪੜ ਦੇ ਡਿੱਗਣ ਕਾਰਨ ਮਰ ਗਈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਇਸ ਘਟਨਾ ਲਈ ਛੱਪੜ ਦੀ ਸਫ਼ਾਈ ਨਾ ਹੋਣ ਨੂੰ ਜ਼ਿੰਮੇਵਾਰ ਠਹਿਰਾਇਆ ਹੈ।, ਜਿਸ ਕਰਕੇ ਉਨ੍ਹਾਂ ਵੱਲੋਂ ਬੀਡੀਪੀਓ ਸ਼ਹਿਣਾ ਅਤੇ ਪੰਚਾਇਤ ਸੈਕਟਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਲੱਖੋਵਾਲ ਯੂਨੀਅਨ ਦੇ ਜ਼ਿਲ੍ਹਾ ਆਗੂ ਜਗਰਾਜ ਸਿੰਘ, ਬਲਾਕ ਆਗੂ ਸੁਖਵਿੰਦਰ ਸਿੰਘ ਰਿੰਕੂ, ਇਕਾਈ ਪ੍ਰਧਾਨ ਬਲਜੀਤ ਸਿੰਘ, ਕੁਲਵਿੰਦਰ ਸਿੰਘ, ਹਰਦੀਪ ਸਿੰਘ ਅਤੇ ਨਵਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਮਜ਼ਦੂਰ ਪਰਿਵਾਰ ਮਰਹੂਮ ਸੁਖਵਿੰਦਰ ਸਿੰਘ ਦੇ ਪਰਿਵਾਰ ਦੀ ਮੱਝ ਛੱਪੜ ਨੇੜੇ ਬੋਹੜ ਦੀ ਛਾਵੇਂ ਬੰਨ੍ਹੀ ਹੋਈ ਸੀ, ਜਿੱਥੋਂ ਮੱਝ ਖੁੱਲ੍ਹ ਕੇ ਛੱਪੜ ਵਿੱਚ ਡਿੱਗ ਪਈ, ਜਿਸ ਕਾਰਨ ਮੱਝ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਛੱਪੜ ਦੇ ਵਿੱਚ ਕਾਫੀ ਬੂਟੀ ਉੱਗੀ ਹੋਈ ਹੈ। ਛੱਪੜ ਦੀ ਲੰਬੇ ਸਮੇਂ ਤੋਂ ਸਫ਼ਾਈ ਨਹੀਂ ਹੋਈ, ਜਿਸ ਕਰਕੇ ਮੱਝ ਦੀ ਮੌਤ ਹੋਈ ਹੈ। ਜੇਕਰ ਛੱਪੜ ਦੀ ਸਫਾਈ ਹੋਈ ਹੁੰਦੀ ਤਾਂ ਮੱਝ ਬਚ ਸਕਦੀ ਸੀ। ਛੱਪੜ ਦੀ ਸਫ਼ਾਈ ਸਬੰਧੀ ਬੀਡੀਪੀਓ ਸ਼ਹਿਣਾ ਅਤੇ ਪੰਚਾਇਤ ਸੈਕਟਰੀ ਨੂੰ ਕਈ ਵਾਰ ਕਿਹਾ ਜਾ ਚੁੱਕਿਆ ਹੈ ਪਰ ਇਨ੍ਹਾਂ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਇਸੇ ਅਣਗਹਿਲੀ ਕਾਰਨ ਘਟਨਾ ਵਾਪਰੀ ਹੈ।
ਉਨ੍ਹਾਂ ਦੱਸਿਆ ਕਿ ਇਸ ਮਜ਼ਦੂਰ ਪਰਿਵਾਰ ਵਿੱਚ ਮੁਖੀ ਘਰ ਦੀ ਔਰਤ ਹੈ, ਜੋ ਮਜ਼ਦੂਰੀ ਕਰਕੇ ਅਤੇ ਮੱਝ ਦਾ ਦੁੱਧ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ। ਇਸ ਘਟਨਾ ਕਾਰਨ ਪਰਿਵਾਰ ਦਾ ਕਾਫੀ ਨੁਕਸਾਨ ਹੋਇਆ ਹੈ, ਜਿਸ ਲਈ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਜੇਕਰ ਪੀੜਤ ਪਰਿਵਾਰ ਨੂੰ ਮੁਆਵਜ਼ਾ ਨਾ ਦਿੱਤਾ ਤਾਂ ਜਥੇਬੰਦੀ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।