ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਮਾਰਚ
ਦਰਿਆਈ ਪਾਣੀਆਂ ਵਿਚ ਮਿਲਾਇਆ ਜਾ ਰਿਹਾ ਜ਼ਹਿਰ ਦਿਨੋ-ਦਿਨ ਲੋਕਾਂ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਬਣਾਈਆਂ ਕਮੇਟੀਆਂ ਦੀ ਰਿਪੋਰਟ ’ਤੇ ਸੂਬਾ ਸਰਕਾਰ ਨੇ ਕਦੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਜਿਸ ਕਾਰਨ ਇਹ ਵਰਤਾਰਾ ਜਾਰੀ ਹੈ। ਇਸ ਵੇਲੇ ਸਤਲੁਜ ਦਰਿਆ ਵਿਚ ਬੁੱਢਾ ਨਾਲਾ ਗੰਦਗੀ ਘੋਲ ਰਿਹਾ ਹੈ। ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਸਤਲੁਜ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਦੇ ਦੂਸ਼ਿਤ ਪਾਣੀ ਕਾਰਨ ਧਰਤੀ ਹੇਠਲਾ ਪਾਣੀ ਪਲੀਤ ਹੋ ਰਿਹਾ ਹੈ, ਇਸ ਕਾਰਨ ਲੋਕਾਂ ਵਿਚ ਬਿਮਾਰੀਆਂ ਫੈਲ ਰਹੀਆਂ ਹਨ। ਪਿਛਲੇ 17 ਸਾਲਾਂ ਤੋਂ ਬੁੱਢੇ ਨਾਲੇ ਦਾ ਗੰਧਲਾ ਪਾਣੀ ਦਰਿਆ ਵਿਚ ਪੈਣ ਕਾਰਨ ਪਾਣੀ ਜ਼ਹਿਰੀਲਾ ਹੋ ਗਿਆ ਹੈ। ਬੁੱਢੇ ਨਾਲੇ ਅਤੇ ਦੋਆਬੇ ਵਿੱਚੋਂ ਲੰਘਦੀ ਚਿੱਟੀ ਵੇਈਂ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਪੈਣ ਕਾਰਨ ਪਹਿਲਾਂ ਹੀ ਇਸ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸ਼ਾਹਕੋਟ ਕਸਬੇ ਦਾ ਗੰਦਾ ਪਾਣੀ ਸਤਲੁਜ ਵਿੱਚ ਪਾਉਣ ਲਈ ਸਾਢੇ ਅੱਠ ਕਿਲੋਮੀਟਰ ਲੰਮੀ ਪਾਈਪ ਲਾਈਨ ਵੀ ਪਾ ਦਿੱਤੀ ਗਈ ਹੈ। ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਵਿਚ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਣ ਗਿਆ ਹੈ। ਕਿਸਾਨਾਂ ਦੀ ਜ਼ਮੀਨ ਨੂੰ ਦਿਨੋ-ਦਿਨ ਖੋਰਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਡਰੇਨ ਵਿਭਾਗ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਸਬੰਧਤ ਮਹਿਕਮੇ ਨੇ 50 ਲੱਖ ਰੁਪਏ ਦਾ ਐਸਟੀਮੇਟ ਬਣਾ ਕੇ ਚੀਫ ਇੰਜਨੀਅਰ ਨੂੰ ਭੇਜ ਦਿੱਤਾ ਗਿਆ ਹੈ। ਇਸ ਐਸਟੀਮੇਟ ਨੂੰ ਪਾਸ ਕਰਕੇ ਦਰਿਆ ਵਿੱਚ ਪਾਣੀ ਨੂੰ ਰੋਕਣ ਲਈ ਰੋਕਾਂ ਲਗਾਈਆਂ ਜਾਣ ਨਹੀਂ ਤਾਂ ਬਰਸਾਤਾਂ ਦੇ ਦਿਨਾਂ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ।