ਮਨੋਜ ਸ਼ਰਮਾ
ਬਠਿੰਡਾ, 3 ਜੂਨ
ਕਰੋਨਾ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਗ਼ਰੀਬਾਂ ਨੂੰ ਤਿੰਨ ਸਿਲੰਡਰ ਮੁਫ਼ਤ ਦੇਣ ਦਾ ਵਾਅਦਾ ਕੀਤਾ ਗਿਆ ਹੈ, ਪਰ ਹੁਣ ਇੱਥੋਂ ਦੀ ਇੱਕ ਗੈਸ ਏਜੰਸੀ ’ਤੇ ਗ਼ਰੀਬਾਂ ਦੇ ਖ਼ਾਤਿਆਂ ਦੀ ਇਹ ਸਬਸਿਡੀ, ਦੂਜੇ ਫ਼ਰਜ਼ੀ ਖ਼ਾਤਿਆਂ ’ਚ ਪਾਉਣ ਦੀ ਕਥਿਤ ਘਪਲੇਬਾਜ਼ੀ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਅਨੁਸਾਰ ਪੁਸ਼ਪਾ ਦੇਵੀ ਪਤਨੀ ਲਾਲ ਸਿੰਘ ਰਾਣਾ ਨੇ ਦੱਸਿਆ ਕਿ ਉਸ ਨੇ 2017 ਵਿੱਚ ਇਸ ਸਕੀਮ ਅਧੀਨ ਆਪਣਾ ਕੁਨੈਕਸ਼ਨ ਇੰਡੇਨ ਏਜੰਸੀ ਤੋਂ ਲਿਆ ਸੀ। ਲੰਘੇ ਤਿੰਨ ਸਾਲਾਂ ਤੋਂ ਉਸ ਦੇ ਖ਼ਾਤੇ ’ਚ ਨਾ ਤਾਂ ਕੋਈ ਸਬਸਿਡੀ ਆਈ ਤੇ ਨਾ ਹੀ ਹੁਣ ਕੋਈ ਮੁਫ਼ਤ ਸਿਲੰਡਰ। ਉਨ੍ਹਾਂ ਦੱਸਿਆ ਕਿ ਸਿਰਫ਼ ਮੋਬਾਈਲ ’ਤੇ ਮੈਸੇਜ ਹੀ ਆਉਂਦੇ ਹਨ। ਉਹ ਜਦੋਂ ਏਜੰਸੀ ਜਾਂਦੇ ਹਨ ਤਾਂ ਉਨ੍ਹਾਂ ਨੂੰ ਇੰਨਾ ਹੀ ਆਖਿਆ ਜਾਂਦਾ ਹੈ ਕਿ ਉਨ੍ਹਾਂ ਦੇ ਦਿੱਤੇ ਖ਼ਾਤੇ ’ਚ ਪੈਸੇ ਜਾ ਰਹੇ ਹਨ, ਪਰ ਪੁਸ਼ਪਾ ਦੇਵੀ ਦੇ ਖਾਤੇ ਵਿਚ ਕੁਝ ਨਹੀਂ ਆਇਆ। ਜਦੋਂ ਉਨ੍ਹਾਂ ਨੇ ਆਪਣੇ ਇਨ੍ਹਾਂ ਤਿੰਨ ਮੁਫ਼ਤ ਮਿਲਣ ਵਾਲੇ ਸਿਲੰਡਰਾਂ ਬਾਰੇ ਪੁੱਛ-ਪੜਤਾਲ ਕੀਤੀ ਤਾਂ ਵੀ ਏਜੰਸੀ ਨੇ ਟਾਲ-ਮਟੋਲ ਕਰ ਕੇ ਸਾਰ ਦਿੱਤਾ। ਇਸੇ ਤਰ੍ਹਾਂ ਹੀ ਹੋਰ ਵੀ ਕਈ ਗ਼ੈਸ ਖ਼ਾਤਾ ਧਾਰਕਾਂ ਦੇ ਨਾਲ ਫ਼ਰਜ਼ੀਵਾੜਾ ਹੋ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਦੋਂ ਏਜੰਸੀ ਮਾਲਕ ਨਾਲ ਫੋਨ ’ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੰਮ ਜ਼ਿਆਦਾ ਹੋਣ ਦਾ ਬਹਾਨਾ ਬਣਾ ਕੇ ਫੋਨ ਕੱਟ ਦਿੱਤਾ।