ਬਲਜੀਤ ਸਿੰਘ
ਸਰਦੂਲਗੜ੍ਹ,14 ਜਨਵਰੀ
ਘੱਗਰ ਦਾ ਪੁਲ ਬਣਾ ਰਹੇ ਠੇਕੇਦਾਰ ਦੀ ਕਥਿਤ ਅਣਗਹਿਲੀ ਕਾਰਨ ਪੁਲ ’ਤੇ ਲੰਮੇ ਲੰਮੇ ਜਾਮ ਲੱਗ ਰਹੇ ਹਨ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲ ਬਣਾ ਰਹੇ ਠੇਕੇਦਾਰ ਵੱਲੋਂ ਪੁਰਾਣੇ ਪੁਲ ਦੇ ਦੋਵਾਂ ਪਾਸਿਆਂ ਤੋਂ ਹੀ ਪੁਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪੁਲ ਬਣਾ ਰਹੀ ਲੇਬਰ ਵੱਲੋਂ ਪੁਰਾਣੇ ਪੁਲ ’ਤੇ ਹੀ ਮਿੱਟੀ ਸੁੱਟ ਕੇ ਅੱਧਾ ਪੁਲ ਰੋਕ ਰੱਖਿਆ ਹੈ ਅਤੇ ਹੋਰ ਵੀ ਨਿਰਮਾਣ ਕਾਰਜਾਂ ਦਾ ਸਾਮਾਨ ਆਦਿ ਪੁਲ ’ਤੇ ਹੋਣ ਕਰਕੇ ਇਕ ਪਾਸੇ ਤੋਂ ਹੀ ਟਰੈਫਿਕ ਚੱਲ ਰਹੀ ਹੈ। ਇਸ ਲਈ ਦਿਨ ਵਿਚ ਕਈ ਵਾਰ ਜਾਮ ਲੱਗ ਜਾਂਦਾ ਹੈ। ਐਂਬੂਲੈਂਸ ਵੀ ਕਈ ਵਾਰ ਜਾਮ ਵਿੱਚ ਫਸ ਜਾਂਦੀਆਂ ਹਨ। ਜਾਮ ਨਾਲ ਕਈ ਭਾਰੀ ਵਾਹਨ ਪੁਰਾਣੇ ਪੁਲ ਉੱਪਰ ਇਕੱਠੇ ਹੋ ਜਾਂਦੇ ਹਨ ਅਤੇ ਮਿਆਦ ਪੁਗਾ ਚੁੱਕੇ ਪੁਲ ’ਤੇ ਜ਼ਿਆਦਾ ਵਜ਼ਨ ਹੋਣ ਕਾਰਨ ਹਾਦਸੇ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਜਾਮ ਵਿੱਚ ਫਸਣ ਕਾਰਨ ਕਈ ਲੰਮੇ ਰੂਟ ਦੀਆਂ ਬੱਸਾਂ ਨੂੰ ਆਪਣੇ ਟਾਈਮ ਮਿਸ ਕਰਨੇ ਪੈਂਦੇ ਹਨ। ਇਸ ਰਸਤੇ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਆਮ ਸ਼ਹਿਰੀਆਂ ਅਤੇ ਇਲਾਕਾ ਨਿਵਾਸੀਆਂ ਦੀ ਸਬੰਧਿਤ ਮਹਿਕਮੇ, ਸਿਵਲ ਅਤੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਲ ਨੂੰ ਨਵੇਂ ਸਿਰੇ ਤੋਂ ਬਣਾ ਰਹੇ ਠੇਕੇਦਾਰ ਨੂੰ ਸਖ਼ਤ ਹਦਾਇਤਾਂ ਕੀਤੀਆਂ ਜਾਣ ਅਤੇ ਪੁਰਾਣੇ ਪੁਲ ਉਪਰ ਪਏ ਮਲਬੇ ਨੂੰ ਹਟਾਇਆ ਜਾਵੇ ਤਾਂ ਕਿ ਟਰੈਫਿਕ ਦੀ ਸਮੱਸਿਆ ਹੱਲ ਹੋ ਸਕੇ।
ਸਮੱਸਿਆ ਹੱਲ ਕਰਨ ਦਾ ਭਰੋਸਾ: ਇਸ ਸਬੰਧੀ ਐਕਸੀਅਨ ਮੰਦਿਰ ਸਿੰਘ ਦਾ ਕਹਿਣਾ ਹੈ, ‘‘ਅਸੀਂ ਜਾਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਧਿਆਨ ਦੇ ਰਹੇ ਹਾਂ ਅਤੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਮੰਗ ਕਰ ਚੁੱਕੇ ਹਾਂ ਕਿ ਪੁਲ ਉੱਪਰ ਇੱਕ ਮਹੀਨੇ ਲਈ ਭਾਰੀ ਵਾਹਨ ਰੋਕ ਦਿੱਤੇ ਜਾਣ ਜਾਵੇ ਤਾਂ ਕਿ ਪੁਲ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਸਕੇ।
ਲਿੰਕ ਸੜਕ ਦੀ ਪੁਲੀ ਟੁੱਟੀ
ਸਰਦੂਲਗੜ੍ਹ (ਪੱਤਰ ਪ੍ਰੇਰਕ): ਪਿੰਡ ਫੱਤਾ ਮਾਲੋਕਾ ਤੋਂ ਆਦਮਕੇ ਲਿੰਕ ਸੜਕ ’ਤੇ ਟੁੱਟੀ ਹੋਈ ਪੁਲੀ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ ਹੈ। ਪਿੰਡ ਫੱਤਾ ਮਾਲੋਕਾ ਤੋਂ ਆਦਮਕੇ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਡੇਰਾ ਬਾਬਾ ਟੱਲਾਂ ਵਾਲਾ ਦੇ ਨਜ਼ਦੀਕ ਪੈਂਦੀ ਨਹਿਰੀ ਖਾਲ ਦੀ ਪੁਲੀ ਜੋ ਸੜਕ ਦੇ ਵਿਚਕਾਰੋਂ ਟੁੱਟ ਚੁੱਕੀ ਹੈ ਅਤੇ ਵੱਡਾ ਟੋਆ ਪੈ ਚੁੱਕਿਆ ਹੈ ਜੋ ਕਿਸੇ ਵੀ ਸਮੇਂ ਰਾਤ-ਬਰਾਤੇ ਜਾਂ ਧੁੰਦ ਦੇ ਕਾਰਨ ਕਿਸੇ ਵਹੀਕਲ ਨੂੰ ਹਾਦਸਾਗ੍ਰਸਤ ਕਰ ਕੇ ਜਾਨੀ ਜਾਂ ਮਾਲੀ ਨੁਕਸਾਨ ਕਰ ਸਕਦਾ ਹੈ।