ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 6 ਮਈ
ਇਥੇ ਪਿੰਡ ਬੱਗੇਆਣਾ ਦੇ ਵਸਨੀਕ ਇਕ ਨੌਜਵਾਨ ਨਾਲ ਇਕ ਲੜਕੀ ਆਸਟ੍ਰੇਲੀਆ ਲਿਜਾਣ ਦਾ ਝਾਂਸਾ ਕੇ 33 ਲੱਖ ਰੁਪਏ ਦੀ ਠੱਗੀ ਮਾਰ ਗਈ। ਪੁਲੀਸ ਨੇ ਨੌਜਵਾਨ ਦੀ ਸ਼ਿਕਾਇਤ ’ਤੇ ਲੜਕੀ ਰੁਕਮਣੀ ਰਾਣੀ ਪੁੱਤਰੀ ਕੁਲਦੀਪ ਸ਼ਰਮਾ ਹਾਲ ਵਾਸੀ ਆਸਟ੍ਰੇਲੀਆ ਅਤੇ ਉਸ ਦੇ ਪਿਤਾ ਕੁਲਦੀਪ ਸ਼ਰਮਾ ਪੁੱਤਰ ਕਾਕਾ ਰਾਮ ਵਾਸੀ ਵਾਸੀ ਪਿੰਡ ਪਿੱਪਲੀ ਤਹਿਸੀਲ ਕਾਲਿਆਂਵਾਲੀ, ਜ਼ਿਲ੍ਹਾ ਸਿਰਸਾ ਖ਼ਿਲਾਫ਼ ਯੋਜਨਾਬੱਧ ਤਰੀਕੇ ਨਾਲ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਅਰਵਿੰਦਰ ਕੁਮਾਰ (22) ਪੁੱਤਰ ਹਰਚੰਦ ਸਿੰਘ ਵਾਸੀ ਬੱਗੇਆਣਾ ਜੋ ਆਈਲੈਟਸ ਵਿਚ ਜ਼ਰੂਰੀ ਬੈਂਡ ਪ੍ਰਾਪਤ ਨਹੀਂ ਕਰ ਸਕਿਆ ਤਾਂ ਉਸ ਨੇ ਆਇਲੈਟਸ ਪਾਸ ਲੜਕੀ ਦਾ ਸਹਾਰਾ ਲੈ ਕੇ ਆਸਟ੍ਰੇਲੀਆ ਜਾਣ ਦੀ ਜੁਗਤ ਬਣਾਈ। ਅਰਵਿੰਦਰ ਤੇ ਰੁਕਮਣੀ ਰਾਣੀ ਦਾ ਵਿਆਹ 1 ਫਰਵਰੀ 2020 ਨੂੰ ਹੋ ਗਿਆ। ਲੜਕੇ ਪਰਿਵਾਰ ਨੇ ਲੜਕੀ ਨੂੰ ਵਿਦੇਸ਼ ਭੇਜਣ ਸਮੇਤ ਵਿਆਹ ਦਾ ਸਾਰਾ ਖਰਚਾ ਚੁੱਕਿਆ। ਜਦੋਂ ਰੁਕਮਣੀ ਜਹਾਜ਼ ਚੜ੍ਹ ਕੇ ਵਿਦੇਸ਼ ਦੀ ਧਰਤੀ ’ਤੇ ਪਹੁੰਚ ਗਈ ਤਾਂ ਉਥੇ ਪਹੁੰਚ ਕੇ ਲੜਕੀ ਨੇ ਆਪਣੇ ਜੀਵਨ ਸਾਥੀ ਨੂੰ ਆਪਣੇ ਕੋਲ ਆਸਟ੍ਰੇਲੀਆ ਨਹੀਂ ਬੁਲਾਇਆ। ਠੱਗੀ ਵਜਣ ਮਗਰੋਂ ਅਰਵਿੰਦਰ ਕੁਮਾਰ ਨੇ ਆਪਣੀ ਰਕਮ ਰੁਕਮਣੀ ਦੇ ਪਰਿਵਾਰ ਤੋਂ ਵਾਪਸ ਮੰਗੀ ਪ੍ਰੰਤੂ ਉਨ੍ਹਾਂ ਨੇ ਵਾਪਸ ਨਹੀਂ ਕੀਤੀ। ਮਾਮਲੇ ਦੀ ਸ਼ਿਕਾਇਤ ਜ਼ਿਲ੍ਹਾ ਪੁਲੀਸ ਮੁਖੀ ਫ਼ਰੀਦਕੋਟ ਨੂੰ ਦਿੱਤੀ ਜਿਸ ’ਤੇ ਜਾਂਚ ਮਗਰੋਂ ਲੜਕੀ ਤੇ ਉਸ ਦੇ ਪਿਓ ਵਿਰੁੱਧ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ।