ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 22 ਜੂਨ
ਅਬੋਹਰ ਸਬ ਡਿਵੀਜ਼ਨ ਨਹਿਰ ਮਲੂਕਪੁਰਾ ਮਾਈਨਰ ਵਿੱਚ ਅੱਜ ਨਹਾਉਂਦਿਆਂ ਦੋ ਮੁੰਡੇ ਡੁੱਬ ਗਏ ਜਿਨ੍ਹਾਂ ਵਿੱਚ ਇਕ ਰੁੜ੍ਹ ਗਿਆ ਅਤੇ ਦੂਜੇ ਨੂੰ ਬਚਾ ਲਿਆ ਗਿਆ।
ਪੁਲੀਸ ਨੂੰ ਮਿਲੀ ਸੂਚਨਾ ਅਨੁਸਾਰ ਢਾਣੀ ਕੜਾਕਾ ਵਾਸੀ ਰਾਹੁਲ ਨਾਮੀ ਤੇਰਾਂ ਸਾਲਾਂ ਕਾਕਾ ਆਪਣੇ ਇਕ ਹੋਰ ਦੋਸਤ ਰਾਹੁਲ ਨਾਲ ਮਲੂਕਪੁਰਾ ਨਹਿਰ ’ਤੇ ਨਹਾਉਣ ਗਿਆ ਸੀ। ਨਹਿਰ ਵਿੱਚ ਨਹਾਉਂਦਿਆਂ ਰਾਹੁਲ ਪਾਣੀ ਵਿੱਚ ਰੁੜ੍ਹ ਗਿਆ ਜਦ ਕਿ ਉਸ ਨੂੰ ਦੋਸਤ ਨੂੰ ਨੇੜੇ ਖੜੇ ਲੋਕਾਂ ਨੇ ਸ਼ੋਰ ਸੁਣ ਕੇ ਬਚਾ ਲਿਆ। ਦੂਜੀ ਘਟਨਾ ਪਿੰਡ ਮਾਲੂਕਪੁਰ ਦਾ ਹੈ। ਇੱਥੋਂ ਦਾ ਰਹਿਣ ਵਾਲਾ ਅਠਾਰਾਂ ਸਾਲਾਂ ਰਵਿੰਦਰ ਕੁਮਾਰ ਘਰੋਂ ਨਹਿਰ ’ਤੇ ਨਹਾਉਣ ਲਈ ਕਹਿ ਕੇ ਗਿਆ ਸੀ। ਲੇਕਿਨ ਦੋ ਦਿਨ ਬੀਤਣ ’ਤੇ ਵੀ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਲੱਭਿਆ ਹੈ। ਪਰਿਵਾਰ ਦੇ ਲੋਕ ਸ਼ੱਕ ਦੇ ਆਧਾਰ ’ਤੇ ਨਹਿਰ ਵਿੱਚ ਉਸ ਦੀ ਭਾਲ ਕਰ ਰਹੇ ਹਨ।
ਦੋ ਬੱਚਿਆਂ ਦੇ ਨਹਿਰ ਵਿੱਚ ਰੁੜ੍ਹਨ ਦੀ ਸੂਚਨਾ ਮਿਲਣ ਤੋਂ ਬਾਅਦ ਅਬੋਹਰ ਸਬ ਡਿਵੀਜ਼ਨ ਦੀ ਪੁਲੀਸ ਅਤੇ ਸਮਾਜ ਸੇਵੀ ਜਥੇਬੰਦੀ ਨਰ ਸੇਵਾ ਨਾਰਾਇਣ ਸੇਵਾ ਵੱਲੋਂ ਮੁੰਡਿਆਂ ਦੀ ਭਾਲ ਦਾ ਕੰਮ ਜਾਰੀ ਹੈ। ਲਾਪਤਾ ਬੱਚਿਆਂ ਦੇ ਵਾਰਸਾਂ ਅਤੇ ਪੁਲੀਸ ਵੱਲੋਂ ਗੋਤਾਖੋਰਾਂ ਦੀ ਮਦਦ ਵੀ ਲਈ ਜਾ ਰਹੀ ਹੈ।