ਇਕਬਾਲ ਸਿੰਘ ਸ਼ਾਂਤ
ਲੰਬੀ, 3 ਅਕਤੂਬਰ
ਰਾਜਸਥਾਨ ਫੀਡਰ ਵਿੱਚ ਮਾਰ ਕੇ ਸੁੱਟੇ ਗਏ ਨੌਜਵਾਨ ਸੰਦੀਪ ਸਿੰਘ ਦੀ ਲਾਸ਼ ਰਾਵਤਸਰ ਨੇੜਿਓਂ ਹੈੱਡ ਤੋਂ ਬਰਾਮਦ ਹੋਈ ਹੈ। ਸੰਦੀਪ ਸਿੰਘ ਵਾਸੀ ਸਿੱਖਵਾਲਾ ਬੀਤੀ 25 ਸਤੰਬਰ ਨੂੰ ਘਰੋਂ ਗਿਆ ਸੀ ਅਤੇ ਵਾਪਸ ਨਹੀਂ ਆਇਆ। ਮਾਮਲੇ ਦੇ ਪਿਛੋਕੜ ਮੁਤਾਬਕ ਸੰਦੀਪ ਸਿੰਘ ਦੇ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਭਰਾ ਲੱਗਦੇ ਇਸੇ ਪਿੰਡ ਦੇ ਵਸਨੀਕ ਦਾ ਉਨ੍ਹਾਂ ਦੇ ਘਰ ਕਾਫ਼ੀ ਆਉਣਾ-ਜਾਣਾ ਸੀ। ਉਹ ਹੌਲੀ-ਹੌਲੀ ਸੰਦੀਪ ਸਿੰਘ ਦੀ ਪਤਨੀ ’ਤੇ ਅੱਖ ਰੱਖਣ ਲੱਗਿਆ। ਸੰਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਪੁਲੀਸ ਕੋਲ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦੇ ਲੜਕੇ ਸੰਦੀਪ ਸਿੰਘ ਨੇ ਸਤਵਿੰਦਰ ਸਿੰਘ ਦੇ ਪਿਤਾ ਜਨਕ ਸਿੰਘ ਨੂੰ ਉਲਾਂਭਾ ਦਿੱਤਾ ਸੀ। ਉਦੋਂ ਤੋਂ ਸਤਵਿੰਦਰ ਸਿੰਘ ਅਕਸਰ ਸੰਦੀਪ ਨੂੰ ਉਲਾਂਭੇ ਦਾ ਹਰਜਾਨਾ ਭੁਗਤਣ ਦੀ ਗੱਲ ਆਖਦਾ ਸੀ। ਬਲਵਿੰਦਰ ਸਿੰਘ ਮੁਤਾਬਕ 25 ਸਤੰਬਰ ਨੂੰ ਸੰਦੀਪ ਸਿੰਘ ਘਰ ਵਾਪਸ ਨਾ ਆਇਆ ਤਾਂ ਉਸ ਦੀ ਕਾਫ਼ੀ ਭਾਲ ਕੀਤੀ ਗਈ।
ਇਸ ਦੌਰਾਨ ਪੜਤਾਲ ਵਿੱਚ ਪਤਾ ਲੱਗਿਆ ਕਿ 25 ਅਕਤੂਬਰ ਨੂੰ ਸੰਦੀਪ ਸਿੰਘ ਨੂੰ ਸਤਵਿੰਦਰ ਸਿੰਘ ਆਪਣੀ ਮਾਰੂਤੀ ਕਾਰ ਵਿੱਚ ਬਿਠਾ ਕੇ ਲੈ ਗਿਆ ਸੀ ਤੇ ਸੱਟਾਂ ਮਾਰ ਕੇ ਉਸ ਦੀ ਕਤਲ ਕਰ ਦਿੱਤਾ ਸੀ। ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਰਾਜਸਥਾਨ ਫੀਡਰ ਵਿੱਚ ਸੁੱਟ ਦਿੱਤੀ ਗਈ।
ਲੰਬੀ ਦੇ ਥਾਣਾ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਧਾਰਾ 302 ਅਤੇ 201 ਦੇ ਤਹਿਤ ਮੁਕੱਦਮਾ ਦਰਜ ਕਰਕੇ ਮ੍ਰਿਤਕ ਸੰਦੀਪ ਸਿੰਘ ਦੀ ਲਾਸ਼ ਰਾਜਸਥਾਨ ਨਹਿਰ ਵਿੱਚੋਂ ਬਰਾਮਦ ਕਰ ਲਈ ਗਈ ਹੈ। ਥਾਣਾ ਮੁਖੀ ਨੇ ਕਿਹਾ ਕਿ ਮੁਲਜ਼ਮ ਸਤਵਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਲਾਸ਼ ਨੂੰ ਸਰਕਾਰੀ ਹਸਪਤਾਲ ਗਿੱਦੜਬਾਹਾ ’ਚ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫਰਾਰ ਹੋਏ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ।
ਹੱਤਿਆ ਦੀ ਇਸ ਘਟਨਾ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਤੇ ਪਿੰਡ ਵਾਸੀਆਂ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਵੰਡਾਇਆ ਜਾ ਰਿਹਾ ਹੈ।