ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 26 ਮਈ
ਪਿੰਡ ਭੁੱਟੀਵਾਲਾ ’ਚ ਖੇਤ ਮਜ਼ਦੂਰਾਂ ਲਈ ਰਾਖਵੀਂ ਜ਼ਮੀਨ 3 ਏਕੜ 2 ਕਨਾਲ ਦੀ ਬੋਲੀ ਤੀਜੀ ਵਾਰ ਵੀ ਸਿਰੇ ਨਾ ਚੜ੍ਹੀ| ਬੋਲੀ ਸਿਰੇ ਨਾ ਚੜ੍ਹਣ ਦਾ ਮੁੱਖ ਕਾਰਣ ਇਹ ਹੈ ਕਿ ਪਿੰਡ ਦੇ ਖੇਤ ਮਜ਼ਦੂਰ ਖੁਦ ਬੋਲੀ ਦੇ ਕੇ ਜ਼ਮੀਨ ਲੈਣਾ ਚਾਹੁੰਦੇ ਹਨ ਤੇ ਆਪਣੇ ਨਫੇ-ਨੁਕਸਾਨ ਦੇ ਲਿਹਾਜ਼ ਨਾਲ ਬੋਲੀ ਨਹੀਂ ਦਿੰਦੇ ਜਦੋਂ ਕਿ ਸਰਮਾਏਦਾਰ ਬੋਲੀ ਵਧਾ ਕੇ ਖੁਦ ਇਸ ਜ਼ਮੀਨ ਨੂੰ ਵਾਹੁਣਾ ਚਾਹੁੰਦੇ ਹਨ| ਇਸ ਰੱਸਾਕਸ਼ੀ ਕਰਕੇ ਤੀਜੀ ਵਾਰ ਵੀ ਬੋਲੀ ਸਿਰੇ ਨਹੀਂ ਚੜ੍ਹੀ|
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਾਜ ਸਿੰਘ ਭੁੱਟੀਵਾਲਾ ਨੇ ਦੱਸਿਆ ਕਿ ਦੂਜੀ ਵਾਰ ਬੋਲੀ ਦੇਣ ਵਾਸਤੇ ਜਿਹੜਾ ਸਰਮਾਏਦਾਰਾਂ ਦਾ ਆਦਮੀ ਆਇਆ ਸੀ ਉਸ ਨੇ ਦਾਰੂ ਪੀਤੀ ਹੋਈ ਸੀ ਜਿਸ ਨੂੰ ਜਥੇਬੰਦੀ ਦੇ ਵਿਰੋਧ ਕਾਰਣ ਬਾਹਰ ਕੱਢ ਦਿੱਤਾ ਗਿਆ| ਯੂਨੀਅਨ ਨੇ 90 ਹਜ਼ਾਰ ਰੁਪਏ ਦੀ ਬੋਲੀ ਦਿੱਤੀ ਸੀ|
ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਕਥਿਤ ਤੌਰ ‘ਤੇ ਸ਼ਿੰਗਾਰੇ ਹੋਏ ਵਿਅਕਤੀ ਨੇ ਲੱਖ ਰੁਪਏ ਤੱਕ ਬੋਲੀ ਦਿੱਤੀ ਸੀ ਪਰ ਜਥੇਬੰਦੀ ਨੇ 90 ਹਜ਼ਾਰ ਰੁਪਏ ਤੋਂ ਵੱਧ ਬੋਲੀ ਨਹੀਂ ਦਿੱਤੀ| ਪਿਛਲੀ ਬੋਲੀ 1 ਲੱਖ 47 ਹਜ਼ਾਰ ਰੁਪਏ ਸੀ| ਪ੍ਰਸ਼ਾਸਨ ਦਾ ਤਰਕ ਹੈ ਕਿ ਪਿਛਲੀ ਬੋਲੀ ਨਾਲੋਂ ਘੱਟ ਬੋਲੀ ’ਤੇ ਜ਼ਮੀਨ ਨਹੀਂ ਦਿੱਤੀ ਜਾ ਸਕਦੀ ਪਰ ਜਥੇਬੰਦੀ ਦਾ ਕਹਿਣਾ ਸੀ ਕਿ ਉਹ 90 ਹਜ਼ਾਰ ਤੋਂ ਵੱਧ ਠੇਕਾ ਭਰਕੇ ਇਸ ਜ਼ਮੀਨ ਵਿੱਚੋਂ ਕਮਾਈ ਨਹੀਂ ਕਰ ਸਕਦੇ| ਇਸ ਦੌਰਾਨ ਜਥੇਬੰਦੀ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਸਰਮਾਏਦਾਰਾਂ ਦਾ ਪੱਖਪਾਤ ਪੂਰਨ ਦੇ ਦੋਸ਼ ਲਾਏ|
ਇਸ ਮੌਕੇ ਜਸਮੇਲ ਸਿੰਘ, ਭਿੰਦਰ ਸਿੰਘ, ਚਰਨਜੀਤ ਸਿੰਘ, ਮੰਗਾ ਸਿੰਘ, ਸਤਨਾਮ ਸਿੰਘ, ਬਿੰਦਰ ਸਿੰਘ, ਬਲਦੇਵ ਸਿੰਘ, ਕਿਰਤੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੰਤ ਸਿੰਘ ਕਿਰਤੀ ਹੋਰੀਂ ਵੀ ਮੌਜੂਦ ਸਨ|
ਇਸ ਦੌਰਾਨ ਬੋਲੀ ਕਰਨ ਪੁੱਜੇ ਪੰਚਾਇਤ ਸੈਕਟਰੀ ਦਲੀਪ ਸਿੰਘ ਨੇ ਦੱਸਿਆ ਕਿ ਲਗਾਤਾਰ ਤਿੰਨ ਵਾਰ ਬੋਲੀ ਕੀਤੀ ਗਈ ਹੈ ਪਰ ਬੋਲੀ ਪਿਛਲੀ ਬੋਲੀ ਨਾਲੋਂ ਵੱਧ ਨਹੀਂ ਹੋ ਸਕਦੀ| ਇਸ ਲਈ ਉਹ ਉਚ ਅਫਸਰਾਂ ਨੂੰ ਸੂਚਨਾ ਦੇ ਕੇ ਬੋਲੀ ਫਾਈਨਲ ਕਰਨ ਦੀ ਮਨਜ਼ੂਰੀ ਲੈਣਗੇ| ਉਨ੍ਹਾਂ ਦੱਸਿਆ ਕਿ ਇਸ ਵਾਰ ਸਾਹਿਬ ਚੰਦ, ਥੇੜੀ ਅਤੇ ਸੁਖਨਾ ਅਬਲੂ ਵਿੱਚ ਵੀ ਬੋਲੀ ਘੱਟ ਹੋਣ ਕਰਕੇ ਫਾਇਨਲ ਨਹੀਂ ਹੋ ਸਕਦੀ|