ਜੋਗਿੰਦਰ ਸਿੰਘ ਮਾਨ/ਐਨ.ਪੀ ਸਿੰਘ
ਮਾਨਸਾ/ਬੁਢਲਾਡਾ, 27 ਅਕਤੂਬਰ
ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੀ ਅਗਵਾਈ ਵਿੱਚ ਮਾਨਸਾ ਜ਼ੋਨ ਦਾ ਖੇਤਰੀ ਯੁਵਕ ਤੇ ਲੋਕ ਮੇਲਾ ਅੱਜ ਆਰੰਭ ਹੋਇਆ। ਚਾਰ ਰੋਜ਼ਾ ਇਸ ਯੁਵਕ ਮੇਲੇ ਦਾ ਉਦਘਾਟਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ’ਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਅਤੇ ਕਾਲਜ ਦੇ ਸਲਾਹਕਾਰੀ ਬੋਰਡ ਦੇ ਮੈਂਬਰ ਡਾ. ਸਰਬਜੀਤ ਕੌਰ ਸੋਹਲ ਨੇ ਮੁੱਖ ਮਹਿਮਾਨ ਅਮਨ ਅਰੋੜਾ, ਵੱਖ-ਵੱਖ ਕਾਲਜਾਂ ਦੇ ਪ੍ਰਬੰਧਕਾਂ ਅਤੇ ਆਈਆਂ ਹੋਈਆਂ ਟੀਮਾਂ ਦਾ ਸਵਾਗਤ ਕੀਤਾ।
ਸਮਾਗਮ ਵਿੱਚ ਏਆਈਜੀ, ਪੰਜਾਬ ਪੁਲਿਸ ਡਾ. ਰਜਿੰਦਰ ਸਿੰਘ ਸੋਹਲ ਨੇ ਖਾਸ਼ ਤੌਰ ਸ਼ਿਰਕਤ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਤੋਂ ਇੰਚਾਰਜ ਡਾ. ਗਗਨਦੀਪ ਥਾਪਾ ਤੇ ਡਾ. ਹਰਿੰਦਰ ਹੁੰਦਲ, ਐਸ.ਡੀ.ਐਮ ਹਰਜਿੰਦਰ ਸਿੰਘ ਜੱਸਲ, ਰਘਵੀਰ ਸਿੰਘ ਮਾਨ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਨੇ ਦੱਸਿਆ ਕਿ ਚਾਰ ਦਿਨ ਇਸ ਇਲਾਕੇ ਦੇ ਨੌਜ਼ਵਾਨਾਂ ਨੂੰ 44 ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਵੰਨਗੀਆਂ ਦੇ ਸੱਭਿਆਚਾਰਕ ਮੁਕਾਬਲੇ ਵੇਖਣ ਨੂੰ ਮਿਲਣਗੇ। ਕਾਲਜ ਦੇ ਪਿ੍ਰੰਸੀਪਲ ਡਾ ਕੁਲਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨਾਲ ਵਿਦਿਆਰਥੀਆਂ ਦੀ ਸਖ਼ਸੀਅਤ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਕਾਲਜ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਨੂੰ ਵਿਦਿਆਰਥੀਆਂ ਦੇ ਪਾਠਕ੍ਰਮ ਦਾ ਹਿੱਸਾ ਬਣੇ ਰਹਿਣਾ ਚਾਹੀਦਾ ਹੈ। ਅੱਜ ਪਹਿਲੇ ਦਿਨ ਸ਼ਾਸਤਰੀ ਸੰਗੀਤ ਗਾਇਨ, ਸਮੂਹ ਸ਼ਬਦ, ਪੰਜਾਬੀ ਲੋਕਧਾਰਾ ਸੱਭਿਆਚਾਰਕ ਕੁਇਜ਼, ਕੁਇਜ਼, ਸਮੂਹ ਗਾਇਨ, ਗ਼ਜਲ-ਗੀਤ, ਭੰਗੜਾ, ਮਾਇਮ ,ਸਕਿੱਟ ਦੇ ਮੁਕਾਬਲੇ ਹੋਏ।