ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਜੁਲਾਈ
ਕੋਵਿਡ-19 ਕਾਰਨ ਸਰਕਾਰ ਨੇ ਖੂਨੀ ਰਿਸ਼ਤੇ ਵਿੱਚ ਜ਼ਮੀਨੀ ਰਜਿਸਟਰੀਆਂ ਉੱਤੇ ਲਾਈ ਰੋਕ ਖ਼ਤਮ ਕਰ ਦਿੱਤੀ ਹੈ। ਲੁਧਿਆਣਾ, ਅੰਮ੍ਰਿਤਸਰ, ਜਲੰਧਰ ਸਣੇ 8 ਜ਼ਿਲ੍ਹਿਆਂ ਵਿੱਚ ਰਜਿਸਟਰੀ ਦਾ ਸਮਾਂ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਕਰ ਦਿੱਤਾ ਗਿਆ ਹੈ। ਰਾਜ ਸਰਕਾਰ ਮਾਲ ਪੁਨਰਵਾਸ ਤੇ ਡਿਜ਼ਾਸ਼ਟਰ ਮੈਨੇਜਮੈਂਟ ਵਿਭਾਗ (ਅਸ਼ਟਾਮ-ਰਜਿਸਟਰੇਸ਼ਨ ਸ਼ਾਖਾ) ਵੱਲੋਂ ਜਾਰੀ ਹੁਕਮ ਅਨੁਸਾਰ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਦੇ ਕੰਮ ਵਿੱਚ ਅਗਾਊਂ ਸਮਾਂ (ਅੰਪਾਇੰਟਮੈਂਟ) ਬੈਕਲਾਗ ਸਬੰਧੀ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਪਟਿਆਲਾ, ਮੁਹਾਲੀ, ਖਰੜ ਅਤੇ ਬਰਨਾਲਾ ਵਿੱਚ ਰੋਜ਼ਾਨਾ ਰਜਿਸਟਰ ਹੋਣ ਵਾਲੇ ਦਸਤਾਵੇਜਾਂ ਲਈ ਮੌਜੂਦਾ ਸਾਧਾਰਨ ਗਿਣਤੀ ਦੀ ਸੀਮਾ ਨੂੰ ਮੌਜੂਦਾ ਸਮੇਂ ਦੀ ਲੋੜ ਅਨੁਸਾਰ 75 ਨਾਰਮਲ ਅਗਾਊਂ ਸਮਾਂ (ਅੰਪਾਇੰਟਮੈਂਟ) ਸਲਾਟ ਪ੍ਰਤੀ ਸਬ- ਰਜਿਸਟਰਾਰ ਤੱਕ ਵਧਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਦਸਤਾਵੇਜਾਂ ਦੀ ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਕਰ ਦਿੱਤਾ ਗਿਆ ਹੈ। ਖੂਨੀ ਰਿਸ਼ਤਿਆਂ ਵਿੱਚ ਤਬਦੀਲ ਮਲਕੀਅਤ ਰਜਿਸਟਰੀ ਇਹ 8 ਸ਼ਹਿਰ ਸਬ ਰਜਿਸਟਰਾਰ ਦਫ਼ਤਰਾਂ ਵਿੱਚ ਹਰ ਰੋਜ਼ ਸਿਰਫ 5 ਸਲਾਟ ਖੂਨੀ ਰਿਸ਼ਤਿਆਂ ਦੀਆਂ ਰਜਿਸਟਰੀਆਂ ਲਈ ਹੋਣਗੇ, ਜਦਕਿ ਰਾਜ ਦੇ ਬਾਕੀ ਸਬ-ਰਜਿਸਟ੍ਰਾਰ ਦਫ਼ਤਰਾਂ ਵਿੱਚ ਅਜਿਹੀ ਕੋਈ ਪਾਬੰਦੀ ਨਹੀਂ ਹੋਵੇਗੀ। ਕੋਵਿਡ-19 ਮੱਦੇਨਜ਼ਰ ਆਨਲਾਈਨ ਦਸਤਾਵੇਜਾਂ ਦੀ ਰਜਿਸਟ੍ਰੇਸ਼ਨ ਦੇ ਕੰਮ ਵਿੱਚ ਬਾਇਓਮੈਟਰਿਕ ਹਾਲ ਦੀ ਘੜੀ ਬੰਦ ਰਹਿਣਗੇ। ਵਸੀਅਤਨਾਮਾ ਦਸਤਾਵੇਜ ਪਹਿਲਾਂ ਦੀ ਤਰ੍ਹਾਂ ਹੀ ਸਿਸਟਮ ਰਾਹੀਂ ਆਨਲਾਈਨ ਰਜਿਸਟਰਡ ਹੋਣਗੇ। ਜ਼ਮੀਨ ਵੇਚਣ ਵਾਲੇ ਦੀ ਫੋਟੋ ਪਹਿਲਾ ਵਾਂਗ ਮੌਕੇ ਉੱਤੇ ਆਨਲਾਈਨ ਰਾਹੀਂ ਹੋਵੇਗੀ। ਖਰੀਦਦਾਰ ਅਤੇ ਗਵਾਹਾਂ ਦੀਆਂ ਤਾਜ਼ਾ ਪਾਸਪੋਰਟ ਸਾਈਜ਼ ਸਵੈ-ਤਸਦੀਕ ਕੀਤੀਆਂ ਫੋਟੋਆਂ ਦਸਤਾਵੇਜਾਂ ਉੱਤੇ ਲੱਗਣਗੀਆਂ। ਹੁਕਮਾਂ ਵਿੱਚ ਸਬ-ਰਜਿਸਟਰਾਰ/ਸੰਯੁਕਤ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਦਸਤਾਵੇਜਾਂ ਦੀ ਰਜਿਸਟ੍ਰੇਸ਼ਨ ਸਮੇਂ, ਫਰਦ ਕੇਂਦਰ, ਵਸੀਕਾਨਵੀਸਾਂ, ਅਸ਼ਟਾਮਫਰੋਸ਼ਾਂ, ਫੋਟੋਗ੍ਰਾਫਰਾਂ ਅਤੇ ਕੰਪਿਊਟਰ ਅਪਰੇਟਰਾਂ ਵੱਲੋਂ ਸਿਹਤ ਅਤੇ ਸੁਰੱਖਿਆ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਮਾਸਕ, ਸਮਾਜਿਕ ਦੂਰੀ ਆਦਿ ਦੀ ਸਖ਼ਤੀ ਨਾਲ 10 ਜੁਲਾਈ ਤੋਂ ਨਵੀਆਂ ਹਦਾਇਤਾਂ ਅਨੁਸਾਰ ਕੰਮ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ ਹੈ।