ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 1 ਨਵੰਬਰ
ਕੇਂਦਰ ਵੱਲੋਂ ਪੰਜਾਬ ’ਚ ਮਾਲ ਗੱਡੀਆਂ ਦੀ ਆਮਦ ’ਤੇ ਲਾਈ ਰੋਕ ਕਿਸਾਨਾਂ, ਸਰਕਾਰ, ਵਪਾਰੀਆਂ ਸਮੇਤ ਹਰ ਵਰਗ ਲਈ ਮੁਸ਼ਕਲਾਂ ਦਾ ਸਬੱਬ ਬਣਨ ਲੱਗੀ ਹੈ। ਪਹਿਲਾਂ ਕੋਲੇ ਦੀ ਸਪਲਾਈ ਕਾਰਨ ਰਾਜ ਦੇ ਕਈ ਥਰਮਲ ਪਲਾਂਟਾਂ ਦੀਆਂ ਚਿਮਨੀਆਂ ਬੰਦ ਹੋਣ ਦੇ ਕਿਨਾਰੇ ਹਨ ਤੇ ਹੁਣ ਖਾਦ ਦੀ ਸਪਲਾਈ ਵੀ ਮਾਲ ਗੱਡੀਆਂ ’ਤੇ ਨਿਰਭਰ ਹੋਣ ਕਾਰਨ, ਅਗਲੇ ਦਿਨਾਂ ਵਿੱਚ ਯੂਰੀਆ ਅਤੇ ਡੀਏਪੀ ਦਾ ਸੰਕਟ ਬਣਨ ਦੇ ਆਸਾਰ ਬਣ ਗਏ ਹਨ। ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ 1 ਲੱਖ 16 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਣੀ ਹੈ ਜਿਸ ਲਈ ਵੱਡੀ ਪੱਧਰ ’ਤੇ ਡੀਏਪੀ ਅਤੇ ਯੂਰੀਆ ਦੀ ਲੋੜ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 4 ਸੌ ਹੈਕਟੇਅਰ ਰਕਬੇ ਵਿੱਚ ਆਲੂ, ਸਬਜ਼ੀਆਂ ਅਤੇ ਚਾਰੇ ਦੀ ਬਿਜਾਈ ਹੋਈ ਹੈ ਜਿਸ ਵਿੱਚ ਡੀਏਪੀ ਅਤੇ ਯੂਰੀਆ ਦੀ ਕਾਫ਼ੀ ਵਰਤੋਂ ਹੁੰਦੀ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਹਰਨੇਕ ਸਿੰਘ ਨੇ ਦੱਸਿਆ ਕਿ ਮਾਲ ਗੱਡੀਆਂ ਦੀ ਆਵਾਜਾਈ ਰੁਕਣ ਕਾਰਨ ਡੀਏਪੀ ਅਤੇ ਯੂਰੀਆ ਦੀ ਸਪਲਾਈ ’ਤੇ ਮਾੜਾ ਅਸਰ ਪੈ ਰਿਹਾ ਹੈ।