ਸੰਜੀਵ ਹਾਂਡਾ
ਫ਼ਿਰੋਜ਼ਪੁਰ, 11 ਜੁਲਾਈ
ਫ਼ਿਰੋਜ਼ਪੁਰ-ਲੁਧਿਆਣਾ ਕੌਮੀ ਮਾਰਗ ਨੂੰ ਚੌੜਾ ਕਰਨ ਲਈ ਪਹਿਲਾਂ ਹੀ ਹਜ਼ਾਰਾਂ ਦਰਖ਼ਤ ਵੱਢੇ ਜਾ ਚੁੱਕੇ ਹਨ, ਜਿਸ ਕਰਕੇ ਫ਼ਿਰੋਜ਼ਪੁਰ ਤੇ ਆਸ ਪਾਸ ਦੇ ਇਲਾਕਿਆਂ ਦਾ ਤਾਪਮਾਨ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਵਧ ਗਿਆ ਹੈ। ਹੁਣ ਇੱਕ ਵਾਰ ਫ਼ਿਰ ਦਸ ਹਜ਼ਾਰ ਤੋਂ ਵੱਧ ਹੋਰ ਦਰਖ਼ਤ ਵੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰੁੱਖਾਂ ਦੇ ਬਚਾਅ ਵਾਸਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਵਕੀਲ ਸਣੇ ਕੁਝ ਹੋਰ ਲੋਕਾਂ ਵੱਲੋਂ ਰਿੱਟ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ, ਜਿਸ ਕਰਕੇ ਫ਼ਿਲਹਾਲ ਇਹ ਮਾਮਲਾ ਅੱਧ ਵਿਚਾਲੇ ਲਟਕ ਗਿਆ ਹੈ।
ਫ਼ਿਰੋਜ਼ਪੁਰ ’ਚ ਪਿਛਲੇ ਕੁਝ ਸਮੇਂ ਤੋਂ ਨਵਾਂ ਹਾਈਵੇਅ ਬਣਾਉਣ ਦੀ ਤਿਆਰੀ ਆਰੰਭੀ ਜਾ ਚੁੱਕੀ ਹੈ। ਮੁਕਤਸਰ ਤੋਂ ਆਰਿਫ਼ ਕੇ ਤੱਕ ਬਣਨ ਵਾਲੇ 63 ਕਿਲੋਮੀਟਰ ਲੰਮੇ ਇਸ ਹਾਈਵੇਅ ’ਤੇ ਕਰੀਬ 174 ਕਰੋੜ ਰੁਪਏ ਖਰਚੇ ਜਾਣ ਦੀ ਯੋਜਨਾ ਹੈ। ਹਾਈਵੇਅ ਤਿਆਰ ਹੋਣ ਤੋਂ ਬਾਅਦ ਫ਼ਿਰੋਜ਼ਪੁਰ ਤੋਂ ਅੰਮ੍ਰਿਤਸਰ ਦੀ ਦੂਰੀ ਪੱਚੀ ਕਿਲੋਮੀਟਰ ਘਟ ਜਾਵੇਗੀ। ਇਸ ਲਈ ਹੋਰ ਜ਼ਮੀਨ ਐਕੁਆਇਰ ਕਰਨ ਦੀ ਲੋੜ ਨਹੀਂ ਹੈ। ਸੜਕ ਦੇ ਦੋਵਾਂ ਪਾਸੇ ਪਹਿਲਾਂ ਤੋਂ ਹੀ ਸਰਕਾਰੀ ਜ਼ਮੀਨ ਉਪਲਬਧ ਹੈ। ਮੁਕਤਸਰ ਤੋਂ ਆਰਿਫ਼ ਕੇ ਤੱਕ ਸੜਕ ਤਕਰੀਬਨ ਦਸ ਮੀਟਰ ਚੌੜੀ ਕੀਤੀ ਜਾਵੇਗੀ। ਦਰਖ਼ਤਾਂ ਦੀ ਕਟਾਈ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਵਣ ਵਿਭਾਗ ਨੂੰ ਲਿਖ ਕੇ ਭੇਜਿਆ ਜਾ ਚੁੱਕਿਆ ਹੈ। ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਟਾਈ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਅਠਾਰਾਂ ਮਹੀਨਿਆਂ ਦੇ ਅੰਦਰ ਇਹ ਹਾਈਵੇਅ ਮੁਕੰਮਲ ਕਰ ਲਿਆ ਜਾਵੇਗਾ। ਮੁਕਤਸਰ, ਫ਼ਿਰੋਜ਼ਪੁਰ, ਹਨੂਮਾਨਗੜ੍ਹ ਤੇ ਗੰਗਾਨਗਰ ਆਦਿ ਸਾਰੇ ਖੇਤਰ ਅੰਮ੍ਰਿਤਸਰ ਨਾਲ ਸਿੱਧੇ ਜੁੜ ਜਾਣਗੇ ਤੇ ਅੰਮ੍ਰਿਤਸਰ ਤੋਂ ਜੈਪੁਰ ਤੱਕ ਦਾ ਸਿੱਧਾ ਲਿੰਕ ਸਥਾਪਤ ਹੋ ਜਾਵੇਗਾ।
ਜ਼ਿਲ੍ਹਾ ਵਣ ਅਧਿਕਾਰੀ ਅੰਮ੍ਰਿਤਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਹ ਮਾਮਲਾ ਹੁਣ ਹਾਈ ਕੋਰਟ ’ਚ ਪਹੁੰਚ ਗਿਆ ਹੈ। ਸ੍ਰੀ ਬਰਾੜ ਨੇ ਦੱਸਿਆ ਕਿ ਹਾਈ ਕੋਰਟ ਵੱਲੋਂ ਇਸ ਮਾਮਲੇ ਵਿਚ ਆਖ਼ਰੀ ਫ਼ੈਸਲਾ ਆਉਣਾ ਅਜੇ ਬਾਕੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਵਣ ਵਿਭਾਗ ਵੱਲੋਂ ਦੁਬਾਰਾ ਕੀਤੇ ਸਰਵੇ ਮੁਤਾਬਿਕ ਦਸ ਹਜ਼ਾਰ ਤੋਂ ਵੱਧ ਰੁੱਖਾਂ ਦੀ ਕਟਾਈ ਹੋਣੀ ਨਿਸ਼ਚਿਤ ਹੈ।