ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਮਾਰਚ
ਪਿੰਡ ਚੜਿੱਕ ਵਿੱਚ ਕਾਂਗਰਸੀ ਵਿਧਾਇਕ ਦੀ ਕਾਂਗਰਸੀ ਸਰਪੰਚ ਦੇ ਘਰ ਆਮਦ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਵਿਧਾਇਕ ਅਤੇ ਉਨ੍ਹਾਂ ਦੀ ਪੀਏ ਨਾਲ ਫੋਨ ਉੱਤੇ ਅਤੇ ਕਾਂਗਰਸੀ ਸਰਪੰਚ ਦੇ ਪਤੀ ਨਾਲ ਆਹਮੋ-ਸਾਹਮਣੇ ਹੋਈ ਬਹਿਸ ਮਗਰੋਂ ਕਿਸਾਨਾਂ ਵੱਲੋਂ ਵਿਧਾਇਕ ਦਾ ਪਿੰਡ ਆਉਣ ’ਤੇ ਘਿਰਾਓ ਕਰਨ ਦੇ ਫ਼ੈਸਲੇ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਇਸ ਦੌਰਾਨ ਵੱਡੀ ਗਿਣਤੀ ਕਿਸਾਨ ਆਗੂ ਪੁੱਜ ਗਏ ਤੇ ਬੀਕੇਯੂ ਏਕਤਾ ਉਗਰਾਹਾਂ ਨਾਲ ਸਬੰਧਤ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਦੋ ਐੱਸਪੀ ਗੁਰਦੀਪ ਸਿੰਘ ਤੇ ਜਗਤਪ੍ਰੀਤ ਸਿੰਘ, ਅਤੇ ਸਿਟੀ ਡੀਐੱਸਪੀ ਬਰਜਿੰਦਰ ਸਿੰਘ ਭੁੱਲਰ ਸਣੇ 6 ਡੀਐੱਸਪੀ ਤੇ ਜ਼ਿਲ੍ਹੇ ਭਰ ਦੀ ਪੁਲੀਸ ਤੇ ਦੰਗਾ ਰੋਕੂ ਦਸਤੇ ਮੌਕੇ ਉੱਤੇ ਭਾਰੀ ਪੁਲੀਸ ਫੋਰਸ ਨਾਲ ਪੁੱਜ ਗਏ।
ਕਿਸਾਨ ਆਗੂ ਲਖਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਜਥੇਬੰਦੀ ਨੂੰ ਵਿਧਾਇਕ ਦੀ ਆਮਦ ਦਾ ਪਤਾ ਲੱਗਾ ਤਾਂ ਉਨ੍ਹਾਂ ਸੂਬਾ ਸਰਕਾਰ ਦੇ ਚਾਰ ਸਾਲ ਦੀ ਕਾਰਗੁਜ਼ਾਰੀ ਅਤੇ ਖੇਤੀ ਕਾਨੂੰਨਾਂ ਬਾਰੇ ਪਾਰਟੀ ਸਟੈਂਡ ਬਾਰੇ ਗੱਲਬਾਤ ਲਈ ਪਿੰਡ ਵਿੱਚ ਆਮਦ ਤੋਂ ਪਹਿਲਾਂ ਫੋਨ ਉੱਤੇ ਤਾਲਮੇਲ ਕੀਤਾ ਸੀ। ਫੋਨ ਉੱਤੇ ਹੀ ਵਿਧਾਇਕ ਅਤੇ ਉਨ੍ਹਾਂ ਦੇ ਪੀਏ ਨਾਲ ਅਤੇ ਮਗਰੋਂ ਕਾਂਗਰਸੀ ਸਰਪੰਚ ਦੇ ਪਤੀ ਤੇ ਉਸ ਦੇ ਭਰਾ ਨਾਲ ਆਹਮੋ-ਸਾਹਮਣੇ ਬਹਿਸ ਹੋ ਗਈ ਤੇ ਅਤੇ ਰੁੱਖੀ ਬੋਲਬਾਣੀ ਅਤੇ ਅੜੀ ਕਰਨ ਤੋਂ ਇਹ ਤਣਾਅ ਵਧ ਗਿਆ। ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਸਮਝਾ ਕੇ ਸ਼ਾਂਤ ਕੀਤਾ ਅਤੇ ਵਿਧਾਇਕ ਨੇ ਵੀ ਕਿਸਾਨਾਂ ਕੋਲ ਪੁੱਜ ਕੇ ਸਫ਼ਾਈ ਦਿੱਤੀ। ਇਸ ਮਗਰੋਂ ਪੁਲੀਸ ਬਦਲਵੇਂ ਰੂਟ ਰਾਹੀਂ ਵਿਧਾਇਕ ਨੂੰ ਮਹਿਲਾ ਕਾਂਗਰਸੀ ਸਰਪੰਚ ਦੇ ਘਰ ਲਿਜਾਣ ਵਿੱਚ ਸਫ਼ਲ ਹੋਈ।
‘ਕਿਸਾਨਾਂ ਦੀ ਆੜ ’ਚ ਸ਼ਰਾਰਤੀ ਲੋਕਾਂ ਨੇ ਮਾਹੌਲ ਖਰਾਬ ਕੀਤਾ’
ਮਹਿਲਾ ਕਾਂਗਰਸੀ ਸਰਪੰਚ ਦੇ ਪਤੀ ਗੁਰਦੌਰ ਸਿੰਘ ਨੇ ਕਿਹਾ ਕਿ ਕਿਸਾਨੀ ਦੀ ਆੜ ਵਿੱਚ ਇਹ ਵਿਰੋਧੀ ਪਾਰਟੀਆਂ ਨਾਲ ਜੁੜੇ ਸ਼ਰਾਰਤੀ ਲੋਕ ਸਨ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਅੱਜ ਕਰੀਬ 32 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਰਾਸ਼ੀ ਦੇ ਚੈੱਕ ਵੰਡੇ ਹਨ।