ਪੱਤਰ ਪ੍ਰੇਰਕ
ਟੱਲਵੇਾਲ, 16 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਖਾਲਸਾ ਸਾਜਣਾ ਦਿਵਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਸ਼ਰਾਬ ਪੀ ਕੇ ਜਾਣ ਦੇ ਵਿਰੋਧੀਆਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ। ਇਸ ਨੂੰ ਹਲਕਾ ਭਦੌੜ ਤੋਂ ਨੇੜਲੇ ਪਿੰਡ ਚੂੰਘਾਂ ਦੇ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਐੱਸਜੀਪੀਸੀ ਮੈਂਬਰ ਜੱਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਬੇਬੁਨਿਆਦ ਦੱਸਿਆ ਹੈ। ਜੱਥੇਦਾਰ ਚੂੰਘਾਂ ਨੇ ਕਿਹਾ ਕਿ ਜਿਸ ਦਿਨ ਵਿਸਾਖੀ ਮੌਕੇ ਸੀਐਮ ਭਗਵੰਤ ਮਾਨ ਤਖ਼ਤ ਸਾਹਿਬ ਤੇ ਆਪਣੀ ਪਾਰਟੀ ਦੇ ਮੰਤਰੀ ਤੇ ਵਿਧਾਇਕਾਂ ਨਾਲ ਮੱਥਾ ਟੇਕਣ ਪਹੁੰਚੇ ਸਨ, ਉਸ ਦਿਨ ਉਨ੍ਹਾਂ ਨੇ ਐੱਸਜੀਪੀਸੀ ਵੱਲੋਂ ਸ੍ਰੀ ਮਾਨ ਦਾ ਜਿੱਥੇ ਸਨਮਾਨ ਕੀਤਾ ਸੀ, ਉਥੇ ਉਹਨਾਂ ਨਾਲ ਆਪਣੀ ਜਾਣ ਪਹਿਚਾਣ ਲਈ ਗੱਲਬਾਤ ਵੀ ਕੀਤੀ ਸੀ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਸ਼ਰਾਬ ਦਾ ਮੁਸ਼ਕ ਨਹੀਂ ਆਇਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ’ਤੇ ਸ਼ਰਾਬ ਪੀਣ ਦੇ ਲੱਗ ਰਹੇ ਦੋਸ਼ ਬਿਲਕੁਲ ਗਲਤ ਹਨ। ਉਨ੍ਹਾਂ ਕਿਹਾ ਕਿ ਐੱਸਜੀਪੀਸੀ ਵੱਲੋਂ ਇਸ ਸਬੰਧੀ ਪ੍ਰੈੱਸ ਨੋਟ ਜਾਰੀ ਕਰਨ ਤੋਂ ਪਹਿਲਾਂ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਸੀ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਐੱਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਇਸ ਦਾ ਜ਼ਿੰਮੇਵਾਰ ਬਾਦਲ ਪਰਿਵਾਰ ਨੂੰ ਠਹਿਰਾਇਆ ਸੀ। ਉਨ੍ਹਾਂ ਸੁਖਬੀਰ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਸੀ।