ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਫ਼ਰਵਰੀ
ਇੱਥੇ ਨਗਰ ਨਿਗਮ ਦੇ ਵਾਰਡ ਨੰਬਰ-1 ਵਿੱਚ ਹਾਕਮ ਧਿਰ ਦੇ ਵਿਧਾਇਕ ਦੀ ਪਤਨੀ ਡਾ. ਰਾਜਿੰਦਰ ਕੌਰ ਦੇ ਮੁਕਾਬਲੇ ਚੋਣ ਲੜ ਰਹੀ ਅਕਾਲੀ ਉਮੀਦਵਾਰ ਹਰਵਿੰਦਰ ਕੌਰ ਗਿੱਲ ਖ਼ਿਲਾਫ਼ ਲਗਾਇਆ ਗਿਆ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਦੋਸ਼ ਅੱਜ ਝੂਠਾ ਸਾਬਿਤ ਹੋ ਗਿਆ। ਇਸੇ ਦੌਰਾਨ ਇੱਥੇ ਭਾਜਪਾ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਣ ਕਾਰਨ ਵੀ ਕਾਫੀ ਹੰਗਾਮਾ ਹੋਇਆ। ਅਕਾਲੀ ਉਮੀਦਵਾਰ ਹਰਵਿੰਦਰ ਕੌਰ ਗਿੱਲ ’ਤੇ ਇੱਕ ਹਾਕਮ ਧਿਰ ਦੇ ਆਗੂ ਨੇ ਖੇਤਾਂ ਨੂੰ ਜਾਂਦਾ ਸਰਕਾਰੀ ਰਸਤਾ ਦੱਬਣ ਦਾ ਦੋਸ਼ ਲਗਾਇਆ ਤਾਂ ਪਹਿਲਾਂ ਤੋਂ ਚੌਕਸ ਅਕਾਲੀ ਉਮੀਦਵਾਰ ਨੇ ਨਗਰ ਨਿਗਮ ਵੱਲੋਂ ਜਾਰੀ ਇਤਰਾਜ਼ਹੀਣਤਾ ਸਰਟੀਫ਼ਿਕੇਟ ਅਤੇ ਮਾਲ ਵਿਭਾਗ ਦੀ ਰਿਪੋਰਟ ਪੇਸ਼ ਕਰ ਦਿੱਤੀ। ਇਸ ਦੌਰਾਨ ਕਥਿਤ ਤੌਰ ’ਤੇ ਰਾਜਸੀ ਦਬਾਅ ਹੇਠ ਆਏ ਅਧਿਕਾਰੀਆਂ ਨੇ ਤਰੁੰਤ ਪਟਵਾਰੀਆਂ ਨੂੰ ਪਹੀ ਨਾਪਣ ਦਾ ਹੁਕਮ ਚਾੜ੍ਹ ਦਿੱਤਾ। ਮਹਿਲਾ ਪਟਵਾਰੀ ਵੱਲੋਂ ਕੀਤੀ ਗਈ ਮਿਣਤੀ ਵਿੱਚ ਮੌਕੇ ਉੱਤੇ ਸਰਕਾਰੀ ਰਸਤਾ ਮਾਲ ਰਿਕਾਰਡ ਨਾਲੋਂ ਵੱਧ ਚੌੜਾ ਪਾਇਆ ਗਿਆ।
ਇਸੇ ਤਰ੍ਹਾਂ ਇੱਥੇ ਵਾਰਡ ਨੰਬਰ-31 ਤੋਂ ਭਾਜਪਾ ਉਮੀਦਵਾਰ ਜੋਤੀ ਦੀ ਨਾਮਜ਼ਦਗੀ ਰੱਦ ਹੋਣ ਤੋਂ ਪਾਰਟੀ ਆਗੂਆਂ ਨੇ ਕਾਫੀ ਹੰਗਾਮਾ ਕਰਦੇ ਹੋਏ ਅਧਿਕਾਰੀਆਂ ਉੱਤੇ ਗੰਭੀਰ ਦੋਸ਼ ਲਗਾਏ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ, ਪਾਰਟੀ ਦੀ ਚੋਣ ਕਮੇਟੀ ਦੇ ਕੋਆਰਡੀਨੇਟਰ ਸੁਨੀਲ ਗਰਗ ਐਡਵੋਕੇਟ ਨੂੰ ਬਾਹਰ ਜਾਣ ਲਈ ਆਖੇ ਜਾਣ ਤੋਂ ਹੰਗਾਮਾ ਹੋਰ ਵਧ ਗਿਆ। ਭਾਜਪਾ ਆਗੂਆਂ ਨੇ ਬਾਹਰ ਆ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚੋਣ ਪ੍ਰਕਿਰਿਆ ਨਾਲ ਸਬੰਧਤ ਅਧਿਕਾਰੀਆਂ ’ਤੇ ਕਾਂਗਰਸੀ ਵਰਕਰ ਬਣ ਕੇ ਹਾਕਮ ਧਿਰ ਲਈ ਕੰਮ ਕਰਨ ਦੇ ਦੋਸ਼ ਲਗਾਏ। ਇਸ ਮੌਕੇ ਅਕਾਲੀ ਬਰਜਿੰਦਰ ਸਿੰਘ ਮੱਖਣ ਬਰਾੜ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਲੰਢੇਕੇ ਨੇ
ਸ਼ਹਿਰੀ ਚੋਣਾਂ ਕੇਂਦਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕਰਦੇ ਹੋਏ ਸਰਕਾਰੀ ਮਸ਼ੀਨਰੀ ਉੱਤੇ ਸੱਤਾਧਾਰੀ ਕਾਂਗਰਸ ਦੇ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਚੋਣ ਅਧਿਕਾਰੀਆਂ ਉੱਤੇ ਹਾਕਮ ਧਿਰ ਦੀ ਖੁੱਲ੍ਹ ਕੇ ਮਦਦ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਇਸ ਦੀ ਪ੍ਰਤੱਖ ਮਿਸਾਲ ਵਾਰਡ ਨੰਬਰ- 1 ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਹਾਕਮ ਧਿਰ ਉਮੀਦਵਾਰਾਂ ਦੀ ਮਦਦ ਲਈ ਸਰਕਾਰੀ ਤੰਤਰ ਜ਼ੋਰ ਲਗਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿਆਸੀ ਦਖ਼ਲ, ਬੇਨਿਯਮੀਆਂ ਤੇ ਧੱਕੇਸ਼ਾਹੀ ਕਾਰਨ ਆਜ਼ਾਦ ਤੇ ਨਿਰਪੱਖ ਚੋਣਾਂ ਦਾ ਮਾਹੌਲ ਗੰਧਲਾ ਹੋ ਰਿਹਾ ਹੈ।