ਜਸਵੰਤ ਜੱਸ
ਫਰੀਦਕੋਟ, 12 ਜੁਲਾਈ
ਕਿਰਤੀ ਕਿਸਾਨ ਯੂਨੀਅਨ ਨੇ ਕਿਸਾਨ ਨੂੰ ਨੁਕਸਦਾਰ ਟਰੈਕਟਰ ਵੇਚਣ ਦੇ ਰੋਸ ਵਜੋਂ ਜਲਾਲਾਬਾਦ ਦੀ ਇੱਕ ਟਰੈਕਟਰ ਏਜੰਸੀ ਖ਼ਿਲਾਫ਼ 16 ਜੁਲਾਈ ਨੂੰ ਧਰਨਾ ਲਾਉਣ ਦਾ ਐਲਾਨ ਕੀਤਾ ਹੈ।
ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਸਾਦਿਕ ਬਲਾਕ ਪ੍ਰਧਾਨ ਗੁਰਜੋਤ ਡੋਡ ਤੇ ਪ੍ਰੈੱਸ ਸਕੱਤਰ ਭੁਪਿੰਦਰ ਕਿੰਗਰਾ ਨੇ ਕਿਹਾ ਕਿ ਸ਼ਾਮ ਸਿੰਘ ਵਾਲਾ ਦੇ ਕਿਸਾਨ ਜਸਵਿੰਦਰ ਸਿੰਘ ਨੇ ਇਸੇ ਸਾਲ ਫਰਵਰੀ ਵਿੱਚ ਨਵਾਂ ਟਰੈਕਟਰ ਖ਼ਰੀਦਿਆ ਸੀ। ਡੀਲਰ ਨੇ ਕਿਸਾਨ ਨੂੰ ਟਰੈਕਟਰ ਵੇਚਣ ਮੌਕੇ 15 ਹਲ਼ ਖਿੱਚਣ ਦਾ ਦਾਅਵਾ ਸੀ। ਜਦੋਂਕਿ ਇਸ ਦੇ ਉਲਟ ਟਰੈਕਟਰ ਹਲ਼ ਖਿੱਚਣ ਵੇਲੇ ਦਬਦਾ ਹੈ ਅਤੇ ਬਹੁਤ ਜ਼ਿਆਦਾ ਧੂੰਆਂ ਛੱਡਦਾ ਹੈ। ਕਿਸਾਨ ਆਗੂ ਰਜਿੰਦਰ ਸਿੰਘ ਨੇ ਕਿਹਾ ਕਿ ਟਰੈਕਟਰ ਨੁਕਸਦਾਰ ਨਿਕਲਿਆ ਹੈ।
ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਟਰੈਕਟਰ ਨੌਂ ਲੱਖ ਰੁਪਏ ਦਾ ਖ਼ਰੀਦਿਆ ਸੀ, ਜਿਸਦੀ 5 ਹਜ਼ਾਰ ਘੰਟੇ ਚੱਲਣ ਤੱਕ ਦੀ ਗਰੰਟੀ ਹੈ, ਜਦੋਂਕਿ ਇਹ ਸਿਰਫ਼ 315 ਘੰਟੇ ਚੱਲਿਆ ਹੈ।
ਕਿਸਾਨ ਆਗੂ ਨੇ ਕਿਹਾ ਕਿ ਡੀਲਰ ਨੇ ਵਾਰ-ਵਾਰ ਟਰੈਕਟਰ ਦੀ ਰਿਪੇਅਰ ਕਰਵਾਈ, ਪਰ ਨੁਕਸ ਦੂਰ ਨਹੀਂ ਹੋਇਆ। ਟਰੈਕਟਰ ਦੇ ਉੱਪਰ ਕੁਝ ਹਿੱਸਿਆਂ ’ਤੇ 2019 ਅਤੇ ਕੁੱਝ ’ਤੇ 2020 ਦਾ ਮਾਅਰਕਾ ਹੈ। ਕੁਝ ਥਾਵਾਂ ਤੋਂ ਰੰਗ ਵੀ ਲਹਿ ਰਿਹਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਏਜੰਸੀ ਨੇ ਕਿਸਾਨ ਨੂੰ ਚੱਲਿਆ ਹੋਇਆ ਟਰੈਕਟਰ ਨਵਾਂ ਰੰਗ ਕਰਵਾ ਕੇ ਵੇਚਿਆ ਹੈ, ਜੋ ਕਥਿਤ ਤੌਰ ’ਤੇ ਠੱਗੀ ਦਾ ਮਾਮਲਾ ਬਣਦਾ ਹੈ। ਕਿਰਤੀ ਕਿਸਾਨ ਯੂਨੀਅਨ ਨੇ ਇਸ ਧੋਖਾਧੜੀ ਨੁੂੰ ਦੇਖਦਿਆਂ ਏਜੰਸੀ ਅਤੇ ਉਸ ਦੇ ਡੀਲਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।