ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 22 ਜੁਲਾਈ
ਮੋਗਾ-ਬਰਨਾਲਾ ਹਾਈਵੇਅ ਸਥਿਤ ਪਿੰਡ ਮਾਛੀਕੇ ਵਿੱਚ ਹਾਈਵੇਅ ਨਿਰਮਾਣ ਕਾਰਨ ਪਿੰਡ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੱਤ ਮਹੀਨਿਆਂ ਤੋਂ ਦਿਨ-ਰਾਤ ਦਾ ਪੱਕਾ ਮੋਰਚਾ ਲੱਗਿਆ ਹੋਇਆ ਸੀ। ਡੀਸੀ ਮੋਗਾ ਕੁਲਵੰਤ ਸਿੰਘ ਵੱਲੋਂ ਸਾਰੀਆਂ ਮੰਗਾਂ ਮੰਨਣ ਦਾ ਲਿਖਤੀ ਭਰੋਸਾ ਦੇਣ ਪਿੱਛੋਂ ਧਰਨਾਕਾਰੀਆਂ ਨੇ ਜਿੱਤ ਪਰਚਮ ਲਹਿਰਾਇਆ ਅਤੇ ਔਰਤਾਂ ਨੇ ਬੋਲੀਆਂ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਸੱਤ ਮਹੀਨੇ ਸਰਦੀਆਂ, ਧੁੱਪਾਂ ਨੂੰ ਪਿੰਡੇ ’ਤੇ ਹੰਡਾਉਣ ਵਾਲੇ ਜੁਝਾਰੂ ਧਰਨਾਕਾਰੀਆਂ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੈ। ਲੋਕ ਪੱਖੀ ਡਾ. ਹਰਗੁਰਪ੍ਰਤਾਪ ਸਿੰਘ ਤੇ ਹੋਰ ਆਗੂਆਂ ਨੇ ਕਿਹਾ ਕਿ ਜੇਕਰ ਮੰਨੀਆਂ ਮੰਗਾਂ ਨੂੰ ਤੁਰੰਤ ਲਾਗੂ ਨਾ ਕੀਤਾ ਤਾਂ ਫੇਰ ਤੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।