ਜਸਵੰਤ ਸਿੰਘ ਥਿੰਦ
ਮਮਦੋਟ, 23 ਮਈ
ਬਲਾਕ ਮਮਦੋਟ ਅਧੀਨ ਪੈਂਦੇ ਪਿੰਡ ਵਾਹਕੇ ਦੀ ਸਾਢੇ ਪੰਜ ਏਕੜ ਪੰਚਾਇਤੀ ਜ਼ਮੀਨ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਨਾਜਾਇਜ਼ ਕਬਜ਼ਾ ਛੁਡਾਉਣ ਲਈ ਅੱਜ ਦੂਜੀ ਵਾਰ ਕਾਰਵਾਈ ਕੀਤੀ ਗਈ। ਇਸ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਵਿਪਨ ਕੁਮਾਰ, ਨਾਇਬ ਤਹਿਸੀਲਦਾਰ ਜਸਵਿੰਦਰ ਕੌਰ, ਡੀਐੱਸਪੀ ਦਿਹਾਤੀ ਯਾਦਵਿੰਦਰ ਸਿੰਘ, ਐੱਸਐੱਚਓ ਮਮਦੋਟ ਮੋਹਿਤ ਧਵਨ ਅਤੇ ਐੱਸਐੱਚਓ ਸਦਰ ਗੁਰਮੀਤ ਸਿੰਘ ਭਾਰੀ ਪੁਲੀਸ ਫੋਰਸ ਸਮੇਤ ਮੌਕੇ ਉੱਤੇ ਹਾਜ਼ਰ ਸਨ। ਉੱਧਰ, ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਰੋਕਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਸਿੰਘ ਮਹਿਮਾ ਆਪਣੇ ਸਾਥੀਆਂ ਸਮੇਤ ਪ੍ਰਸ਼ਾਸਨਕ ਅਧਿਕਾਰੀਆਂ ਦਾ ਵਿਰੋਧ ਕਰਨ ਲਈ ਮੌਕੇ ’ਤੇ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਮੁਰਦਾਬਾਦ ਦੇ ਨਾਅਰੇ ਵੀ ਲਾਏ ਗਏ। ਇਸ ਸੰਬੰਧੀ ਡੀਐੱਸਪੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜ਼ਮੀਨ ’ਤੇ ਕਾਬਜ਼ਕਾਰਾਂ ਅਤੇ ਯੂਨੀਅਨ ਆਗੂਆਂ ਨੇ 25 ਮਈ ਦਾ ਸਮਾਂ ਮੰਗਿਆ ਹੈ ਕਿ ਇਸ ਦਿਨ ਉਹ ਆਪਣੇ ਸਬੂਤ ਦਿਖਾਉਣਗੇ। ਇਸ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਕਿੱਲੇ ਲਗਾਏ ਗਏ ਪਰ ਕਿਸਾਨਾਂ ਅਤੇ ਯੂਨੀਅਨ ਆਗੂਆਂ ਵੱਲੋਂ ਕਿੱਲੇ ਪੁੱਟ ਦਿੱਤੇ ਗਏ ਅਤੇ ਪ੍ਰਸ਼ਾਸਨ ਜ਼ਮੀਨ ’ਤੇ ਕਬਜ਼ਾ ਕਰਨ ਤੋਂ ਅਸਫਲ ਸਾਬਤ ਹੋਇਆ। ਖ਼ਬਰ ਲਿਖੇ ਜਾਣ ਤੱਕ ਯੂਨੀਅਨ ਆਗੂਆਂ ਵੱਲੋਂ ਆਪਣਾ ਧਰਨਾ ਜਾਰੀ ਸੀ ਅਤੇ ਪੁਲੀਸ ਆਪਣੀ ਕਥਿਤ ਕਾਰਵਾਈ ਕਰ ਰਹੀ ਸੀ।
ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਾਉਣ ਖ਼ਿਲਾਫ਼ ਜਥੇਬੰਦੀਆਂ ਵੱਲੋਂ ਧਰਨਾ
ਜੈਤੋ (ਸ਼ਗਨ ਕਟਾਰੀਆ) ਪਿੰਡ ਸੇਢਾ ਸਿੰਘ ਵਾਲਾ ਦੀ ਪੰਚਾਇਤੀ ਜ਼ਮੀਨ ਕਾਬਜ਼ਕਾਰਾਂ ਤੋਂ ਵਾਪਿਸ ਨਾ ਲੈਣ ਦੀ ਮੰਗ ਲਈ ਦਿਹਾਤੀ ਮਜ਼ਦੂਰ ਸਭਾ ਨੇ ਸਹਿਯੋਗੀ ਜਥੇਬੰਦੀਆਂ ਦੀ ਮੱਦਦ ਨਾਲ ਅੱਜ ਇਥੇ ਉਪ ਮੰਡਲ ਪ੍ਰਬੰਧਕੀ ਕੰਪਲੈਕਸ ’ਚ ਰੋਸ ਧਰਨਾ ਦਿੱਤਾ ਗਿਆ। ਵਿਖਾਵਾਕਾਰੀਆਂ ਨੇ ਐੱਸਡੀਐੱਮ ਦੇ ਨਾਂ ਉਨ੍ਹਾਂ ਦੀ ਗ਼ੈਰ ਮੌਜੂਦਗੀ ਵਿੱਚ ਸੁਪਰਡੈਂਟ ਬਾਜ ਸਿੰਘ ਨੂੰ ਮੰਗ ਪੱਤਰ ਦਿੱਤਾ। ਦਿਹਾਤੀ ਮਜ਼ਦੂਰ ਸਭਾ ਸੇਢਾ ਸਿੰਘ ਵਾਲਾ ਇਕਾਈ ਦੇ ਪ੍ਰਧਾਨ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਹੋਏ ਇਸ ਪ੍ਰਦਰਸ਼ਨ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਪਿੰਡਾਂ ਵਿੱਚ ਗਰੀਬਾਂ ਦਾ ‘ਉਜਾੜਾ’ ਕੀਤਾ ਜਾ ਰਿਹਾ ਹੈ, ਜਿਸ ਨੂੰ ਮਜ਼ਦੂਰ/ਕਿਸਾਨ ਜਥੇਬੰਦੀਆਂ ਸਹਿਣ ਨਹੀਂ ਕਰਨਗੀਆਂ। ਇਸ ਮੌਕੇ ਕਿਹਾ ਗਿਆ ਹੈ ਕਿ ਉਜਾੜੇ ਜਾ ਰਹੇ ਲੋਕ ਤਕਰੀਬਨ 60-65 ਸਾਲਾਂ ਤੋਂ ਜ਼ਮੀਨਾਂ ਤੇ ਘਰਾਂ ’ਤੇ ਕਾਬਜ਼ ਹਨ। ਇਹ ਦਾਅਵਾ ਵੀ ਕੀਤਾ ਗਿਆ ਕਿ ਪਿੰਡ ਸੇਢਾ ਸਿੰਘ ਵਾਲਾ ਦੀ ਪੰਚਾਇਤੀ ਜ਼ਮੀਨ ਦਾ ਕੇਸ ਅਦਾਲਤ ’ਚ ਚੱਲ ਰਿਹਾ ਹੈ। ਇਸ ਲਈ ਫੈਸਲੇ ਦੀ ਉਡੀਕ ਕੀਤੀ ਜਾਵੇ ਤੇ ਪੰਚਾਇਤ ਨੂੰ ‘ਧੱਕਾ’ ਕਰਨ ਤੋਂ ਰੋਕਿਆ ਜਾਵੇ।