ਪਰਮਜੀਤ ਸਿੰਘ
ਫਾਜ਼ਿਲਕਾ, 6 ਮਾਰਚ
ਜ਼ਿਲ੍ਹੇ ਦੇ ਪਿੰਡ ਹੀਰਾਂ ਵਾਲੀ ’ਚ ਲੱਗਣ ਵਾਲੀ ਸ਼ਰਾਬ ਫੈਕਟਰੀ ਦੇ ਵਿਰੋਧ ’ਚ 25 ਪਿੰਡਾਂ ਦੇ ਵਾਸੀਆਂ ਦਾ ਚੱਲ ਰਿਹਾ ਧਰਨਾ ਅੱਜ 20ਵੇਂ ਦਿਨ ਵੀ ਜਾਰੀ ਰਿਹਾ। ਇਸ ਤੋਂ ਇਲਾਵਾ ਪਿੰਡਾਂ ਦੇ ਵਾਸੀਆਂ ਵੱਲੋਂ ਭੁੱਖ ਹੜਤਾਲ ਵੀ ਕੀਤੀ ਗਈ। ਅੱਜ ਪਿੰਡ ਹੀਰਾਂ ਵਾਲੀ ਵਾਸੀ ਇੰਦਰਾ ਦੇਵੀ, ਸੁਦੇਸ਼ ਕੁਮਾਰ, ਬਿਮਲਾ ਦੇਵੀ, ਮੂਰਤੀ ਦੇਵੀ, ਗੁਰਮੀਤ ਕੌਰ, ਪਰਮੇਸ਼ਵਰੀ ਦੇਵੀ, ਕਮਲਾ ਦੇਵੀ ਅਤੇ ਬਸਤੀ ਰਾਮ ਭਾਟੀਆ, ਪਿੰਡ ਬੇਗਾਂ ਵਾਲੀ ਵਾਸੀ ਪ੍ਰਿਥੀ ਰਾਮ ਮੇਘਵਾਲ, ਪਿੰਡ ਬੋਦੀਵਾਲਾ ਵਾਸੀ ਰਾਮ ਸਿੰਘ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਪਿੰਡ ਹੀਰਾਂ ਵਾਲੀ ਦੇ ਸਰਪੰਚ ਅਨਿਲ ਝੀਂਝਾ, ਪਿੰਡ ਬੇਗਾਂ ਵਾਲੀ ਦੇ ਸਰਪੰਚ ਸੁਰਿੰਦਰ ਕੁਮਾਰ, ਵਿਕਰਮਜੀਤ ਸਿੰਘ, ਰਜੇਸ਼ ਕੁਮਾਰ, ਸੁਰਿੰਦਰ ਕੁਮਾਰ, ਰਾਏ ਸਿੰਘ, ਗੌਰਵ ਝੀਂਝਾ, ਮਨੋਜ ਕੁਮਾਰ ਅਤੇ ਵਿਕਰਮ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਦਾ ਪਾਣੀ ਪਹਿਲਾਂ ਹੀ ਪੀਣ ਯੋਗ ਨਹੀਂ ਹੈ, ਇਸ ਦੇ ਬਾਵਜੂਦ ਹੀਰਾਂ ਵਾਲੀ ’ਚ ਇਕ ਪ੍ਰਾਈਵੇਟ ਕੰਪਨੀ ਵੱਲੋਂ ਸ਼ਰਾਬ ਫੈਕਟਰੀ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਫੈਕਟਰੀ ਲੱਗਣ ਵਿਰੁੱਧ ਦਸੰਬਰ ਮਹੀਨੇ ’ਚ ਗਰਾਮ ਸਭਾ ਇਜਲਾਸ ’ਚ ਸਰਬਸੰਮਤੀ ਨਾਲ ਸ਼ਰਾਬ ਫੈਕਟਰੀ ਨਾ ਲਗਾਉਣ ਦੇ ਪੱਖ ’ਚ ਮਤਾ ਪਾਸ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਫੈਕਟਰੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਿੰਡਾਂ ਦੇ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦਾ ਇਹ ਸੰਘਰਸ਼ ਤਦ ਤੱਕ ਜਾਰੀ ਰਹੇਗਾ, ਜਦੋਂ ਤੱਕ ਫੈਕਟਰੀ ਦਾ ਨਿਰਮਾਣ ਕੰਮ ਰੱਦ ਨਹੀਂ ਕੀਤਾ ਜਾਂਦਾ।