ਗੁਰਪ੍ਰੀਤ ਸਿੰਘ
ਸਾਦਿਕ, 30 ਮਾਰਚ
ਟਰੱਕ ਯੂਨੀਅਨ ਸਾਦਿਕ ਦੀ ਪ੍ਰਧਾਨਗੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਤੇ ਵਰਕਰਾਂ ਵਿੱਚ ਉਸ ਸਮੇਂ ਤਿੱਖੀ ਝੜਪ ਹੋ ਗਈ ਜਦੋਂ ਚੋਣ ਦੌਰਾਨ ਇਕ ਧਿਰ ਨੇ ਸੁਖਰਾਜ ਸਿੰਘ ਬੁੱਟਰ ਨੂੰ ਪ੍ਰਧਾਨ ਅਤੇ ਜਗਨਾਮ ਸਿੰਘ, ਪਰਵਿੰਦਰ ਸਿੰਘ ਕਾਉਣੀ ਨੂੰ ਮੀਤ ਪ੍ਰਧਾਨ ਦੇ ਹਾਰ ਪਾ ਦਿੱਤੇ। ਇਸ ਖ਼ਿਲਾਫ਼ ਇਸੇ ਹੀ ਪਾਰਟੀ ਦੇ ਗੁਰਮੇਜ ਸਿੰਘ ਗੋਰਾ ਅਤੇ ਗੁਰਮੇਲ ਸਿੰਘ ਨੇ ਇਤਰਾਜ਼ ਜਿਤਾਉਂਦਿਆਂ ਨਾਖੁਸ਼ੀ ਜਾਹਿਰ ਕੀਤੀ ਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਮੌਕੇ ’ਤੇ ਪੁਲੀਸ ਅਤੇ ਸਿਆਣੇ ਬੰਦਿਆਂ ਵੱਲੋਂ ਸਮਝਾ ਕੇ ਸਥਿਤੀ ’ਤੇ ਕਾਬੂ ਪਾਇਆ ਗਿਆ।
ਦੂਜੀ ਧਿਰ ਨੇ ਦੋਸ਼ ਲਗਾਏ ਕਿ ਹਲਕਾ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਅਜਿਹੀ ਚੋਣ ਦਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਗਿਆ ਸੀ ਅਤੇ ਇਨ੍ਹਾਂ ਨੇ ਆਪਣੇ ਵੱਲੋਂ ਹੀ ਚੋਣ ਕਰਵਾ ਦਿੱਤੀ ਗਈ ਅਤੇ ਚੁਣੇ ਗਏ ਪ੍ਰਧਾਨ ਕੋਲ ਤਾਂ ਕੋਈ ਟਰੱਕ ਵੀ ਨਹੀਂ।
ਇਸ ਮੌਕੇ ਚੁਣੇ ਗਏ ਪ੍ਰਧਾਨ ਨੇ ਆਖਿਆ ਕਿ ਟਰੱਕ ਅਪਰੇਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਕਰਕੇ ਹੀ ਇਹ ਚੋਣ ਕਰਵਾਈ ਗਈ ਹੈ ਅਤੇ ਉਹ ਪੂਰੀ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕੰਮ ਦੌਰਾਨ ਟਰੱਕ ਅਪਰੇਟਰਾਂ ਦੀਆਂ ਉਮੀਦਾਂ ’ਤੇ ਖਰੇ ਨਾ ਉਤਰਨ ਦੀ ਸੂਰਤ ਵਿੱਚ ਉਹ ਇਸ ਅਹੁਦੇ ਤੋਂ ਲਾਂਭੇ ਹੋ ਜਾਣਗੇ।