ਜੋਗਿੰਦਰ ਸਿੰਘ ਮਾਨ
ਮਾਨਸਾ, 17 ਸਤੰਬਰ
ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵੱਲ ਤੋਰਨ ਲਈ ਆਰਥਿਕ ਹੱਲਾਸ਼ੇਰੀ ਦੇਣ ਵਾਸਤੇ ਜਿਹੜੇ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ, ਉਹ ਰਾਸ਼ੀ ਅਜੇ ਤੱਕ ਕਿਸਾਨਾਂ ਨੂੰ ਨਹੀਂ ਮਿਲੀ ਹੈ। ਜ਼ਿਕਰਯੋਗ ਹੈ ਕਿ ਝੋਨੇ ਦੀ ਵਾਢੀ ਦਾ ਕਾਰਜ ਲਗਭਗ ਆਰੰਭ ਹੋਣ ਵਾਲਾ ਹੈ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਵਾਸਤੇ 30 ਲੱਖ ਏਕੜ ਰਕਬਾ ਨਿਰਧਾਰਿਤ ਕੀਤਾ ਗਿਆ ਸੀ ਅਤੇ ਇਸ ਵਾਸਤੇ 450 ਕਰੋੜ ਰੁਪਏ ਰੱਖੇ ਗਏ ਸਨ। ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਮਾਲਵਾ ਖੇਤਰ ਵਿੱਚ ਵੱਡੀ ਦਿਲਚਸਪੀ ਵਿਖਾਈ ਸੀ।
ਰਾਜ ਵਿੱਚ ਬਦਲੇ ਸਿਆਸੀ ਸਮੀਕਰਨਾਂ ਤੋਂ ਬਾਅਦ ਪਹਿਲੀ ਵਾਰ ਹੋਂਦ ਵਿੱਚ ਆਈ ਭਗਵੰਤ ਮਾਨ ਦੀ ਸਰਕਾਰ ਨੇ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਦੇਣ ਦੇ ਐਲਾਨ ਮਗਰੋਂ ਰਾਜ ਦੇ ਖੇਤੀਬਾੜੀ ਮਹਿਕਮੇ ਨੇ ਵੱਡੇ ਪੱਧਰ ’ਤੇ ਕੈਂਪ ਲਗਾ ਕੇ ਮਲਵਈ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਆ ਸੀ। ਹੁਣ ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਦਾ ਕਾਰਜ ਛੇਤੀ ਹੀ ਆਰੰਭਿਆ ਜਾਣਾ ਹੈ। ਇਸੇ ਦੌਰਾਨ ਸਿੱਧੀ ਬਿਜਾਈ ਲਈ ਅਦਾਇਗੀ ਕਦੋਂ ਦਿੱਤੀ ਜਾਣੀ ਹੈ, ਇਸ ਸਬੰਧੀ ਅਜੇ ਤੱਕ ਸਰਕਾਰੀ ਤੌਰ ’ਤੇ ਕੋਈ ਐਲਾਨ ਨਹੀਂ ਕੀਤਾ ਗਿਆ। ਪਿੰਡਾਂ ਦੇ ਪਟਵਾਰੀਆਂ ਵੱਲੋਂ ਸਿੱਧੀ ਬਿਜਾਈ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਇਸ ਸਬੰਧੀ ਵਿਸ਼ੇਸ਼ ਗਿਰਦਾਵਰੀ ਜੂਨ ਮਹੀਨੇ ਵਿੱਚ ਕਰ ਕੇ ਇਸ ਦੀਆਂ ਪੰਜਾਬ ਸਰਕਾਰ ਨੂੰ ਲਿਸਟਾਂ ਭੇਜ ਦਿੱਤੀਆਂ ਗਈਆਂ ਸਨ।
ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ 2575 ਕਿਸਾਨਾਂ ਨੇ 11600.9 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਇਸੇ ਤਰ੍ਹਾਂ ਹੋਰਨਾਂ ਵੇਰਵਿਆਂ ਅਨੁਸਾਰ ਬਠਿੰਡਾ ਦੇ 4092 ਕਿਸਾਨਾਂ ਨੇ 25459.11 ਏਕੜ, ਫਰੀਦਕੋਟ ਦੇ 1366 ਕਿਸਾਨਾਂ ਨੇ 8915.53 ਏਕੜ, ਬਰਨਾਲਾ ਦੇ 850 ਕਿਸਾਨਾਂ ਨੇ 5293.97 ਏਕੜ, ਸੰਗਰੂਰ ਦੇ 1745 ਕਿਸਾਨਾਂ ਨੇ 9107.67 ਏਕੜ, ਮੁਕਤਸਰ ਦੇ 4988 ਕਿਸਾਨਾਂ ਨੇ 41494.91 ਏਕੜ, ਫਾਜ਼ਿਲਕਾ ਦੇ 6111 ਕਿਸਾਨਾਂ ਨੇ 39440.37 ਏਕੜ ਵਿੱਚ ਸਿੱਧੀ ਬਿਜਾਈ ਕਰਨ ਦੀਆਂ ਪੰਜਾਬ ਸਰਕਾਰ ਕੋਲ ਲਿਸਟਾਂ ਪੁੱਜੀਆਂ ਹੋਈਆਂ ਹਨ। ਮਾਲਵਾ ਖੇਤਰ ਤੋਂ ਇਲਾਵਾ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ ਜਿਸ ਦੀਆਂ ਸੂਚੀਆਂ ਸਰਕਾਰ ਕੋਲ ਲੰਬਾ ਸਮਾਂ ਪਹਿਲਾਂ ਪੁੱਜ ਗਈਆਂ ਸਨ।
ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਿੱਧੀ ਬਿਜਾਈ ਕਰਨ ਲਈ ਜੋ ਆਰਥਿਕ ਐਲਾਨ ਕੀਤਾ ਸੀ, ਉਹ ਹੁਣ ਕਿਸਾਨਾਂ ਨੂੰ ਸੁਫਨਾ ਜਾਪਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਬਹੁਤੇ ਕਿਸਾਨਾਂ ਨੇ ਸਰਕਾਰ ਦੇ ਫਰਮਾਨ ’ਤੇ ਫੁੱਲ ਚੜ੍ਹਾਏ ਅਤੇ ਕਿਸਾਨਾਂ ਨੇ ਕਾਫੀ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ। ਉਨ੍ਹਾਂ ਕਿਹਾ ਕਿ ਦੁਖ ਦੀ ਗੱਲ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਫਿਲਹਾਲ ਕੋਈ ਅਦਾਇਗੀ ਨਹੀਂ ਕੀਤੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਦੇ ਖਾਤਿਆਂ ਵਿੱਚ ਬਣਦੀ ਰਕਮ ਨਾ ਪਾਈ ਤਾਂ ਜਥੇਬੰਦੀ ਵੱਲੋਂ ਸੰਘਰਸ਼ ਆਰੰਭਿਆ ਜਾਵੇਗਾ। ਇਸ ਸਬੰਧੀ ਵਿਸ਼ੇਸ਼ ਮੀਟਿੰਗ 18 ਸਤੰਬਰ ਨੂੰ ਸੱਦ ਲਈ ਗਈ ਹੈ।
ਕਿਸਾਨਾਂ ਦੇ ਖਾਤਿਆਂ ਵਿੱਚ ਛੇਤੀ ਪਹੁੰਚੇਗੀ ਸਹਾਇਤਾ ਰਾਸ਼ੀ: ‘ਆਪ’ ਵਿਧਾਇਕ ਪ੍ਰਿੰਸੀਪਲ ਬੁੱਧਰਾਮ
ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ (ਬੁਢਲਾਡਾ) ਅਤੇ ਗੁਰਪ੍ਰੀਤ ਸਿੰਘ ਬਣਾਂਵਾਲੀ (ਸਰਦੂਲਗੜ੍ਹ) ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਜਿਹੜੇ 1500 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਹੈ, ਉਸ ਨੂੰ ਸਰਕਾਰ ਵੱਲੋਂ ਝੋਨੇ ਦੀ ਵੇਚ ਤੋਂ ਪਹਿਲਾਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਫ਼ਸਲੀ ਚੱਕਰ ’ਚੋਂ ਕਿਸਾਨਾਂ ਨੂੰ ਕੱਢ ਕੇ ਪੈਰਾਂ ਸਿਰ ਖੜ੍ਹਾ ਕਰਨ ਦੇ ਹਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਸੇ ਤਹਿਤ ਹੀ ਇਸ ਰਾਸ਼ੀ ਨੂੰ ਛੇਤੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇਗਾ।