ਖੇਤਰੀ ਪ੍ਰਤੀਨਿਧ
ਬਰਨਾਲਾ, 21 ਅਕਤੂਬਰ
ਕੇਂਦਰੀ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੇ ਕੇ ਸਥਾਨਕ ਰੇਲਵੇ ਸਟੇਸ਼ਨ ’ਤੇ ਲੱਗਾ ਸਾਂਝਾ ਕਿਸਾਨ ਧਰਨਾ ਅੱਜ 386ਵੇਂ ਦਿਨ ਵੀ ਜਾਰੀ ਰਿਹਾ। ਲਖੀਮਪੁਰ ਖੀਰੀ ਕਾਂਡ ਦੇ ਸ਼ਹੀਦਾਂ ਦੇ ਅਸਥੀ ਕਲਸ਼ 24 ਅਕਤੂਬਰ ਨੂੰ ਬਰਨਾਲਾ ਦੇ ਹੰਢਿਆਇਆ ਚੌਕ ਵਿੱਚ ਸਵੇਰੇ 11 ਵਜੇ ਪੁੱਜ ਰਹੇ ਹਨ, ਦੇ ਭਰਵੇਂ ਸਵਾਗਤ ਦੀ ਰੂਪ ਰੇਖਾ ਉਲੀਕੀ। ਇਹ ਅਸਥੀਆਂ ਅਖੀਰ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ ਕੀਤੇ ਲਈ ਸਤਿਕਾਰ ਸਹਿਤ ਅੱਗੇ ਵਿਦਾ ਕੀਤੀਆਂ ਜਾਣਗੀਆਂ। ਆਗੂਆਂ ਕਿਹਾ ਕਿ ਸਰਕਾਰ ਧਾਰਮਿਕ ਭਾਵਨਾਵਾਂ ਭਟਕਾਅ ਕੇ ਲੋਕਾਂ ਵਿੱਚ ਫੁੱਟ ਪਾਉਣਾ ਚਾਹੁੰਦੀ ਹੈ ਤਾਂ ਜੋ ਕਿਸਾਨ ਅੰਦੋਲਨ ਨੂੰ ਢਾਹ ਲਾਈ ਜਾ ਸਕੇ। ਆਗੂਆਂ ਨੇ ਖਾਦ ਦੀ ਕਿੱਲਤ ਤੁਰੰਤ ਦੂਰ ਕਰਨ ਦੀ ਵੀ ਮੰਗ ਕੀਤੀ। ਇਸ ਦੌਰਾਨ ਕੁਲਵਿੰਦਰ ਕੌਰ, ਨਰਿੰਦਰਪਾਲ ਸਿੰਗਲਾ ਤੇ ਤੇਜਾ ਸਿੰਘ ਠੀਕਰੀਵਾਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।
ਮਹਿਲ ਕਲਾਂ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਕਿਸਾਨਾਂ ਦਾ ਪੱਕਾ ਧਰਨਾ ਜਾਰੀ ਹੈ।ਅੱਜ ਕਿਸਾਨ ਧਰਨੇ ’ਚ ਆਗੂਆਂ ਨੇ ਦਿੱਲੀ ਮੋਰਚੇ ਬਾਰੇ ਚਰਚਾ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹੁਣ ਦਿੱਲੀ ਮੋਰਚੇ ਨੂੰ ਮਜ਼ਬੂਤ ਕਰਨ ਲਈ ਪਿੰਡਾਂ ’ਚ ਤਿਆਰੀ ਕਰਕੇ ਵੱਡੀ ਗਿਣਤੀ ਕਿਸਾਨਾਂ ਨੂੰ ਭੇਜਿਆ ਜਾਵੇ।