ਪੱਤਰ ਪ੍ਰੇਰਕ
ਲੰਬੀ, 15 ਅਪਰੈਲ
ਲੰਬੀ ਹਲਕੇ ’ਚ ਅਬੋਹਰ ਰੋਡ ਖੇਤਰ ਦੇ ਪਿੰਡਾਂ ਹਾਕੂਵਾਲਾ ਤੇ ਭੀਟੀਵਾਲਾ ’ਚ ਚੋਰਾਂ ਦੀ ਦਹਿਸ਼ਤ ਹੈ। ਪਰਸੋਂ ਰਾਤ ਹਾਕੂਵਾਲਾ ’ਚ ਡੱਬਵਾਲੀ-ਅਬੋਹਰ ਮੁੱਖ ਸੜਕ ’ਤੇ ਬੱਸ ਸਟਾਪ ’ਤੇ ਵੰਸ਼ ਸੈਨੇਟਰੀ ਅਤੇ ਹਾਰਡ ਵੇਅਰ ਸਟੋਰ ’ਤੇ 40 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਹੋ ਗਿਆ। ਦੁਕਾਨ ਦੇ ਮਾਲਕ ਹਰਦੇਵ ਸਿੰਘ ਨੇ ਦੱਸਿਆ ਕਿ ਚੋਰਾਂ ਨੇ 14 ਅਪਰੈਲ ਦੀ ਰਾਤ ਨੂੰ ਉਸਦੀ ਦੁਕਾਨ ਦਾ ਸ਼ਟਰ ਤੋੜ ਕੇ ਪਾਣੀ ਵਾਲੇ ਪੰਪ, ਨਲਕੇ, ਗੇਟਵਾਲ, ਪਿੱਤਲ ਦਾ ਸਾਮਾਨ ਚੋਰੀ ਕਰ ਲਿਆ।
ਹਾਕੂਵਾਲਾ ’ਚ 31 ਮਾਰਚ ਨੂੰ ਮਨਦੀਪ ਮਿਊਜਿਕ ਸਟੇਸ਼ਨ ਵਿੱਚੋਂ ਦਿਨ-ਦਿਹਾੜੇ ਇੱਕ ਬਟੂਆ ਤੇ ਸਾਢੇ 14 ਹਜ਼ਾਰ ਰੁਪਏ ਚੋਰੀ ਹੋ ਗਏ ਸਨ। ਦੁਕਾਨ ਮਾਲਕ ਮਨਦੀਪ ਸਿੰਘ ਮੁਤਾਬਕ ਉਸਨੇ ਕਿੱਲਿਆਂਵਾਲੀ ਚੌਕੀ ਨੂੰ ਸੂਚਨਾ ਦਿੱਤੀ ਸੀ। ਅੱਜ ਚੋਰਾਂ ਦਾ ਕੋਈ ਸੁਰਾਗ ਨਹੀਂ ਲੱਗਿਆ। ਇੱਥੇ ਬੱਸ ਅੱਡੇ ‘ਤੇ ਸਥਿਤ ਗੁਰੂਨਾਨਕ ਇਲੈਕਟ੍ਰਾਨਿਕਸ ਵਰਕਸ ਦੇ ਮਾਲਕ ਗੁਰਜੀਤ ਸਿੰਘ ਨੇ ਦੱਸਿਆ ਕਿ ਕਰੀਬ ਛੇ ਮਹੀਨੇ ਪਹਿਲਾਂ ਉਸਦੀ ਦੁਕਾਨ ਵਿੱਚੋਂ 2 ਨਵੇਂ ਇਨਵਰਟਰ, ਬੈਟਰੇ, ਛੇ ਟਰੈਕਟਰ ਬੈਟਰੀਆਂ ਚੋਰੀ ਹੋ ਗਈਆਂ। ਪਿੰਡ ਭੀਟੀਵਾਲੀ ’ਚ ਅੱਡਾ ਮਾਰਕੀਟ ’ਚ ਸਥਿਤ ਯਾਦੂ ਟੈਲੀਕਾਮ ਦੇ ਮਾਲਕ ਯਾਦਵਿੰਦਰ ਯਾਦੂ ਨੇ ਦੱਸਿਆ ਕਿ 17 ਫਰਵਰੀ ਨੂੰ ਉਸਦੀ ਮੋਬਾਈਲਾਂ ਦੀ ਦੁਕਾਨ ਵਿੱਚੋਂ 30 ਹਜ਼ਾਰ ਦੀ ਨਗਦੀ, ਇੱਕ ਜੀਓ ਟੈਬ ਤੇ ਹੋਰ ਮੋਬਾਈਲ ਅਸੈਸਰੀ ਕਰ ਲਈ ਗਈ ਸੀ। ਚੋਰੀ ਵਿੱਚ ਕੁੱਲ ਸੱਤਰ ਹਜ਼ਾਰ ਰੁਪਏ ਦਾ ਸਾਮਾਨ ਚੋਰੀ ਹੋਇਆ ਸੀ। ਲੰਬੀ ਥਾਣੇ ਦੇ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਪੁਲੀਸ ਸਰਗਰਮੀ ਨਾਲ ਜਾਂਚ ’ਚ ਜੁਟੀ ਹੋਈ ਹੈ। ਜੇ ਮਾਮਲੇ ’ਚ ਕਾਰਵਾਈ ਨਹੀਂ ਹੋਈ ਤਾਂ ਪੀੜਤ ਉਨ੍ਹਾਂ ਨਾਲ ਰਾਬਤਾ ਕਰ ਸਕਦਾ ਹੈ।