ਪੱਤਰ ਪ੍ਰੇਰਕ
ਬੋਹਾ, 22 ਮਈ
ਪਿੰਡ ਆਲਮਪੁਰ ਮੰਦਰਾਂ ’ਚ ਝੋਨੇ ਦੀ ਲੁਆਈ ਤੇ ਮਜ਼ਦੂਰੀ ਸਬੰਧੀ ਜ਼ਿਮੀਂਦਾਰਾਂ ਵੱਲੋਂ ਕੀਤੇ ਸਮਾਜਿਕ ਬਾਈਕਾਟ ਕਾਰਨ ਹਾਲਾਤ ਤਣਾਅ ਵਾਲੇ ਬਣੇ ਹੋਏ ਹਨ ਤੇ ਪਿੰਡ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਮਜ਼ਦੂਰਾਂ ਦੀ ਮਜ਼ਦੂਰੀ ਵਧਾਉਣ ਤੇ ਅਨੁਸੂਚਿਤ ਜਾਤੀ ਦੇ ਕੀਤੇ ਸਮਾਜਿਕ ਬਾਈਕਾਟ ਦੇ ਰੋਜ ਵਜੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਪਿੰਡ ਦੀ ਰਵੀਦਾਸੀਆ ਧਰਮਸ਼ਾਲਾ ਵਿੱਚ ਭਾਰੀ ਇਕੱਠ ਕੀਤਾ ਗਿਆ।ਇਸ ਮੌਕੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਦੇ ਸੂਬਾਈ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਕਿਸੇ ਇੱਕ ਵਰਗ ਦਾ ਸਮਾਜਿਕ ਬਾਈਕਾਟ ਸੰਵਿਧਾਨ ਵਿਰੋਧੀ ਕਾਰਾ ਹੈ। ਸਾਰੇ ਵਰਗਾਂ ਨੂੰ ਸਰਕਾਰਾਂ ਸਭ ਕੁਝ ਦੇ ਰਹੀਆਂ ਹਨ ਪਰ ਮਜ਼ਦੂਰ ਦੀ ਮਜ਼ਦੂਰੀ ਵਧਾਉਣ ਜਾਂ ਹੋਰ ਸਹੂਲਤਾਂ ਲਈ ਸਰਕਾਰਾਂ ਨੇ ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕੀਤਾ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦਾ ਬਾਈਕਾਟ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ ਅਤੇ ਐਡਵੋਕੇਟ ਭੁਪਿੰਦਰ ਬੀਰਬਲ ਨੇ ਵੀ ਸੰਬੋਧਨ ਕੀਤਾ।