ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਜਨਵਰੀ
ਇਥੇ ਗੀਤਾ ਭਵਨ ਮੰਦਰ ਤੇ ਹਰਿਦੁਆਰ ਪਾਵਨ ਧਾਮ ਆਸ਼ਰਮ ਸੰਚਾਲਕ ਸਵਾਮੀ ਸਹਿਜ ਪ੍ਰਕਾਸ਼ ਦੀ ਕਰੀਬੁ ਡੇੜ ਮਹੀਨਾ ਪਹਿਲਾਂ ਹੋਈ ਮੌਤ ਬਾਆਦ ਛਿੜੇ ਪ੍ਰਾਪਰਟੀ ਵਿਵਾਦ ਤੋਂ ਤਣਾਅ ਦਾ ਮਾਹੌਲ ਹੈ। ਇਥੇ ਦੋ ਧਿਰਾਂ ’ਚ ਟਕਰਾਅ ਦੇ ਮੱਦੇ ਵੱਡੀ ਗਿਣਤੀ’ਚ ਪੁਲੀਸ ਤਾਇਨਾਤ ਕਰ ਦਿੱਤੀ ਗਈ। ਇਸ ਮੌਕੇ ਪੁਲੀਸ ਨੇ ਕਰੀਬ 25 ਬਾਂਊਂਸਰਾਂ ਨੂੰ ਹਿਰਾਸਤ ’ਚ ਲੈ ਕੇ ਥਾਣੇ ਲਿਜਾਇਆ ਗਿਆ।
ਇਸ ਮੌਕੇ ਐੱਸਪੀ ਸਥਾਨਕ ਗੁਰਦੀਪ ਸਿੰਘ ਤੇ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਗੀਤਾ ਭਵਨ ਮੰਦਰ ਦੀ ਜਾਇਦਾਦ ਆਦਿ ਬਾਰੇ ਪੜਤਾਲ ਚੱਲ ਰਹੀ ਹੈ। ਇਹ ਧਾਰਮਿਕ ਸਥਾਨ ਹੈ ਤੇ ਕੋਈ ਵੀ ਆ ਜਾ ਸਕਦਾ ਹੈ। ਪਰ ਵਸੀਅਤ ਆਦਿ ਦੀ ਆੜ ਵਿੱਚ ਕਿਸੇ ਨੂੰ ਕਾਨੂੰਨ ਹੱਥ ’ਚ ਲੈਣ ਤੇ ਮਾਹੌਲ ਖਰਾਬ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।
ਅੱਜ ਇਥੇ ਗੀਤਾ ਭਵਨ ਮੰਦਰ ਦੌਰਾਨ ਇੱਕ ਧਿਰ ਵੱਲੋਂ ਸਮਾਗਮ ਤੇ ਦੂਜੀ ਧਿਰ ਵੱਲੋਂ ਕਥਿਤ ਵਿਰੋਧ ਕਾਰਨ ਅੱਜ ਤਣਾਅ ਪੂਰਨ ਸਥਿੱਤੀ ਬਣ ਗਈ। ਸਵਾਮੀ ਸਹਿਜ ਪ੍ਰਕਾਸ਼ 13 ਨਵੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਆਪਣੇ ਨਿੱਜੀ ਨਾਂ ਉੱਤੇ ਹਰਿਦੁਆਰ ਧਾਮ ਤੇ ਹੋਰ ਥਾਵਾਂ ਉੱਤੇ ਕਰੀਬ 800 ਕਰੋੜ ਰੁਪਏ ਦੀ ਜਾਇਦਾਦ ਦੱਸੀ ਜਾਂਦੀ ਹੈ। ਉਨ੍ਹਾਂ ਨੇ ਆਪਣੀ ਹਰਿਦੁਆਰ ਸਥਿੱਤ ਜਾਇਦਾਦ ਦਾ ਬੀਤੇ ਵਰ੍ਹੇ ਦੀ 2 ਨਵੰਬਰ ਨੂੰ ਰਜਿਸਟਰਡ ਵਸੀਅਤ ਯੋਗ ਮਾਹਰ ਸਾਧਵੀ ਤ੍ਰਿਪਤਾ ਸਰਵਨ ਤੇ ਸੁਖਜੀਤ ਦੇ ਨਾਂ ਕਰਵਾਈ ਸੀ। ਇਹ ਵਸੀਅਤ ਤਹਿਸੀਲਦਾਰ ਵੱਲੋਂ ਇਹ ਵਸੀਅਤ ਗੀਤਾ ਭਵਨ ਮੰਦਰ ’ਚ ਜਾ ਕੇ ਰਜਿਸਟਰਡ ਕੀਤੀ ਗਈ ਹੈ। ਇੱਕ ਧਿਰ ਵੱਲੋਂ ਸਵਾਮੀ ਸਹਿਜ ਪ੍ਰਕਾਸ਼ ਦੀ ਹੱਤਿਆ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਤੇ ਪੁਲੀਸ ਕੋਲ ਸ਼ਿਕਾਇਤ ਦਿੱਤੀ ਗਈ ਹੈ।
ਸ਼ਿਕਾਇਤ ’ਚ ਦੋਸ਼ ਲਗਾਏ ਹਨ ਕਿ ਬਿਮਾਰੀ ਦੇ ਬਹਾਨੇ ਸਵਾਮੀ ਸਹਿਜ ਪ੍ਰਕਾਸ਼ ਨੂੰ ਹਰਿਦੁਆਰ ਤੋਂ ਮੋਗਾ ਲਿਆਕੇ ਉਨ੍ਹਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਦੀ ਵਸੀਅਤ ਗਲਤ ਤਰੀਕੇ ਬਿਨਾਂ ਟਰਸਟੀਆਂ ਨੂੰ ਭਰੋਸੇ ਕਰਵਾਈ ਗਈ ਹੈ। ਦੂਜੇ ਪਾਸੇ ਵਸੀਅਤ ਉੱਤੇ ਗਵਾਹੀ ਪਾਉਣ ਵਾਲੇ ਸਵਾਮੀ ਕਮਲ ਪੁਰੀ ਨੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਵਾਮੀ ਸਹਿਜ ਪ੍ਰਕਾਸ਼ ਦੀ ਬਿਮਾਰੀ ਦੌਰਾਨ ਉਨ੍ਹਾਂ ਦੀ ਦੇਖ ਭਾਲ ਕਰ ਰਹੀਆਂ ਦੋ ਸਾਧਵੀਆਂ ਨੂੰ ਸਵਾਮੀ ਸਹਿਜ ਪ੍ਰਕਾਸ਼ ਨੇ ਟਰੱਸਟੀ ਬਣਾਉਣ ਦੇ ਨਾਲ ਇਸ ਟਰੱਸਟ ਦੇ ਤਹਿਤ ਮੋਗਾ ਤੇ ਹਰਿਦੁਆਰ ਦੇ ਕੁੱਲ ਛੇ ਟਰੱਸਟਾਂ ਦਾ ਮਾਲਕੀ ਹੱਕ ਦੇਣ ਦੀ ਵਸੀਅਤ ਰਜਿਸਟਰਡ ਕਰਵਾਈ ਸੀ। ਉਨ੍ਹਾਂ ਨੇ ਵਸੀਅਤ ਵਿੱਚ ਦੋਵਾਂ ਸਾਧਵੀਆਂ ਨੂੰ ਮਾਲਕੀ ਹੱਕ ਦੇਣ ਦਾ ਵੱਡਾ ਕਾਰਨ ਬਿਮਾਰੀ ਦੇ ਦਿਨਾਂ ਵਿੱਚ ਦੋਵਾਂ ਨਾਲ ਰਹਿਣਾ ਦੱਸਿਆ ਸੀ।
ਇਥੇ ਕੁਝ ਲੋਕਾਂ ਨੇ ਗੀਤਾ ਭਵਨ ਬਚਾਓ ਸੰਘਰਸ਼ ਸਮਿਤੀ ਦਾ ਗਠਨ ਵੀ ਕਰ ਲਿਆ ਹੈ। ਸਮਿਤੀ ਕਨਵੀਨਰ ਦੇਵਪ੍ਰੀਆ ਤਿਆਗੀ ਨੇ ਕਿਹਾ ਕਿ ਉਨ੍ਹਾਂ ਦੀ ਨਾਂ ਟਰਸਟੀ ਤੇ ਨਾ ਹੀ ਜਾਇਦਾਦ ਨਾਲ ਕੋਈ ਲੈਣਾ ਦੇਣਾ ਹੈ ਪਰ ਕਿਸੇ ਨੂੰ ਵੀ ਗਲਤ ਢੰਗ ਨਾਲ ਜਾਇਦਾਦ ਆਦਿ ਉੱਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।