ਨਿਰੰਜਣ ਬੋਹਾ
ਬੋਹਾ, 18 ਨਵੰਬਰ
ਟਿੱਕਰੀ ਬਾਰਡਰ ’ਤੇ ਬੀਤੇ ਦਿਨ ਸ਼ਹੀਦ ਹੋਏ ਨੇੜਲੇ ਪਿੰਡ ਹਾਕਮਵਾਲਾ ਦੇ ਖੇਤ ਮਜ਼ਦੂਰ ਹਰਚਰਨ ਸਿੰਘ ਦੇ ਅਤਿੰਮ ਸਸਕਾਰ ਮੌਕੇ ਅੱਜ ਜ਼ਿਲ੍ਹਾ ਪ੍ਰਸਾਸ਼ਨ ਤੇ ਕਿਸਾਨ ਮਜ਼ਦੂਰ ਜੱਥੇਬੰਦੀਆਂ ਵਿਚਕਾਰ ਤਣਾਅ ਦੀ ਸਥਿਤੀ ਬਣ ਗਈ। ਪਿੰਡ ਵਾਸੀਆਂ ਤੇ ਕਿਸਾਨ ਜੱਥੇਬੰਦੀਆਂ ਨੇ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਮੁਆਵਜ਼ਾ ਦੇਣ ਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਤੇ ਉਸ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਮੌਕੇ ’ਤੇ ਪ੍ਰਸ਼ਾਸਨ ਵੱਲੋਂ ਪਹੁੰਚੇ ਕਾਨੂੰਗੋ ਡਾ. ਜਸਪਾਲ ਸਿੰਘ ਅਤੇ ਪਟਵਾਰੀ ਅਮਨਦੀਪ ਕੁਮਾਰ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣਗੇ। ਧਰਨਾਕਾਰੀਆਂ ਨੇ ਭਰੋਸੇ ’ਤੇ ਯਕੀਨ ਨਹੀਂ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਲਾਉਣ ਲਈ ਮਜ਼ਦੂਰ ਦੀ ਲਾਸ਼ ਸਣੇ ਐੱਸਡੀਐੱਮ ਦਫਤਰ ਬੁਢਲਾਡਾ ਪਹੁੰਚ ਗਏ। ਇਥੇ ਇੱਕਠ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ, ਇਕਾਈ ਪ੍ਰਧਾਨ ਜਗਬੀਰ ਸਿੰਘ ਮਾਨ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਜੀਤ ਸਿੰਘ ਬੋਹਾ, ਮਿਡ-ਡੇਅ ਮੀਲ ਵਰਕਰਜ਼ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਬੋਹਾ, ਸਰਪੰਚ ਪਲਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਇਕਾਈ ਪ੍ਰਧਾਨ ਗੁਰਮੇਲ ਸਿੰਘ ਮੇਲਾ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੇ ਹਾਮੀ ਹੋਣ ਦਾ ਡਰਾਮਾ ਹੀ ਕਰ ਰਹੀ ਹੈ ਤੇ ਉਨ੍ਹਾਂ ਨੂੰ ਸਰਕਾਰ ਦੇ ਲਾਰਿਆ ’ਤੇ ਇਤਬਾਰ ਨਹੀਂ ਰਿਹਾ।
ਪਰਿਵਾਰ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਭਰੋਸਾ
ਤਹਿਸੀਲਦਾਰ ਗੁਰਮੁੱਖ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਮ੍ਰਿਤਕ ਮਜ਼ਦੂਰ ਹਰਚਰਨ ਸਿੰਘ ਦੇ ਭੋਗ ਵਾਲੇ ਦਿਨ ਸਰਕਾਰ ਵੱਲੋਂ ਉਸ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਵੇਗੀ। ਇਸ ਭਰੋਸੇ ਮਗਰੋਂ ਧਰਨਾ ਚੁੱਕ ਦਿੱਤਾ ਗਿਆ।