ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਜੁਲਾਈ
ਪਿੰਡ ਢੁੱਡੀਕੇ ਵਿੱਚ ਜਾਤ ਆਧਾਰਤ ਚਾਰ ਸ਼ਮਸ਼ਾਨਘਾਟ ਆਮ ਵਰਗ ਅਤੇ ਦੋ ਸ਼ਮਸ਼ਾਨਘਾਟ ਦਲਿਤ ਵਰਗ ਦੇ ਹਨ। ਭਾਵੇਂ ਸਾਰੇ ਵਰਗਾਂ ਦੇ ਲੋਕਾਂ ਨੂੰ ਕਿਸੇ ਵੀ ਸ਼ਮਸ਼ਾਨਘਾਟ ’ਚ ਸਸਕਾਰ ਕਰਨ ’ਚ ਕੋਈ ਰੋਕ-ਟੋਕ ਨਹੀਂ ਤੇ ਕਿਸੇ ਧਿਰ ਨਾਲ ਕੋਈ ਵਿਤਕਰੇ ਵਾਲੀ ਗੱਲ ਨਹੀਂ ਪਰ ਇਸ ਦੇ ਬਾਵਜੂਦ ਦਲਿਤ ਵਰਗ ਦੀ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਤੋਂ ਪਿੰਡ ’ਚ ਤਣਾਅ ਦੀ ਸਥਿਤੀ ਬਣੀ ਹੋਈ ਹੈ।
ਇਸ ਸਬੰਧੀ ਥਾਣਾ ਅਜੀਤਵਾਲ ਮੁਖੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਭਲਕੇ ਸੋਮਵਾਰ ਨੂੰ ਸੀਨੀਅਰ ਪੁਲੀਸ ਅਧਿਕਾਰੀ ਦੋਵਾਂ ਧਿਰਾਂ ਦੀ ਗੱਲਬਾਤ ਸੁਣਨਗੇ। ਉਨ੍ਹਾਂ ਕਿਹਾ ਕਿ ਆਮ ਵਰਗ ਤੇ ਦਲਿਤਾਂ ਦੇ ਸ਼ਮਸ਼ਾਨਘਾਟ ਇਕੱਠੇ ਇੱਕ ਥਾਂ ਹੋਣ ਦੀ ਪੋਸਟ ਦਾ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਦੇ ਸਰਪੰਚ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਦਲਿਤ ਵਰਗ ਦੇ ਹੱਕ ਵਿੱਚ ਪਿੰਡ ਦੀ ਪੰਚਾਇਤ ਖੜ੍ਹੀ ਹੋ ਗਈ ਹੈ ਤੇ ਦੂਜੇ ਧੜੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵੱਲੋਂ ਜੱਟਾਂ ਤੇ ਦਲਿਤਾਂ ਦੇ ਸ਼ਮਸ਼ਾਨਘਾਟ ਇੱਕ ਥਾਂ ਹੋਣ ਦੀ ਪੋਸਟ ਨੂੰ ਖਾਰਜ ਕਰ ਕੇ ਅੱਜ ਦਲਿਤ ਵਰਗ ਨੇ ਸ਼ਮਸ਼ਾਨਘਾਟ ਦੀ ਦੀਵਾਰ ਉਸਾਰ ਦਿੱਤੀ ਗਈ। ਦਲਿਤ ਵਰਗ ਨੂੰ ਇਹ ਵਿਵਾਦਤ ਸ਼ਮਸ਼ਾਨਘਾਟ ਵਾਲੀ ਜਗ੍ਹਾ ਪੰਚਾਇਤ ਵੱਲੋਂ ਕਰੀਬ ਡੇਢ ਦਹਾਕਾ ਪਹਿਲਾਂ ਦਿੱਤੀ ਗਈ ਸੀ। ਸਰਕਾਰ ਵੱਲੋਂ ਫੰਡ ਆਉਣ ਉੱਤੇ ਚਾਰਦੀਵਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਲੋਕ ਇਸ ਜਗ੍ਹਾ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਹੋਰਾਂ ਦਾ ਦਾਅਵਾ ਹੈ ਕਿ ਦਲਿਤਾਂ ਲਈ ਵੱਖਰੀ ਥਾਂ ’ਤੇ ਹੋਰ ਸ਼ਮਸ਼ਾਨਘਾਟ ਬਣਾਉਣ ਦੀ ਤਜਵੀਜ਼ ਖ਼ਿਲਾਫ਼ ਪਿੰਡ ਦੇ ਜੱਟ ਸਿੱਖ ਅਤੇ ਮਜ਼੍ਹਬੀ ਸਿੱਖਾਂ ਨੇ ਪੁਰਾਣੇ ਸ਼ਮਸ਼ਾਨਘਾਟ ਵਿੱਚ ਇਕੱਠੇ ਹੋ ਕੇ ਐਲਾਨ ਕਰ ਦਿੱਤਾ ਕਿ ਪਿੰਡ ਵਿੱਚ ਜਾਤ ਦੇ ਆਧਾਰ ’ਤੇ ਵੱਖਰਾ ਸ਼ਮਸ਼ਾਨਘਾਟ ਨਹੀਂ ਬਣੇਗਾ, ਪਹਿਲਾਂ ਹੀ ਚੱਲ ਰਹੇ ਸ਼ਮਸ਼ਾਨਘਾਟ ਵਿੱਚ ਦੋਵਾਂ ਭਾਈਚਾਰੇ ਦੇ ਮੁਰਦਿਆਂ ਦਾ ਇੱਕੋ ਥਾਂ ਦਾਹ ਸਸਕਾਰ ਕੀਤਾ ਜਾਵੇਗਾ। ਸ੍ਰੀ ਢੁੱਡੀਕੇ ਨੇ ਕਿਹਾ ਕਿ ਅੱਜ ਵੀ ਸਮਾਜ ਦੇ ਰਗ-ਰਗ ਵਿੱਚ ਰਚੀ ਜਾਤ-ਪਾਤ ਦੀ ਬਦੌਲਤ ਪਿੰਡਾਂ ਵਿੱਚ ਜਾਤਾਂ ਦੇ ਨਾਂ ’ਤੇ ਸ਼ਮਸ਼ਾਨਘਾਟ ਬਣੇ ਹੋਏ ਹਨ। ਉਹ ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਇਸ ਜਾਤ ਪਾਤ ਨੂੰ ਜੜੋਂ ਪੁੱਟਣ ਲਈ ਕੋਸ਼ਿਸ਼ ਦੀ ਸ਼ੁਰੂਆਤ ਆਪਣੇ ਪਿੰਡ ਤੋਂ ਕਰ ਰਹੇ ਹਨ। ਉਹ ਸਾਰੇ ਭਾਈਚਾਰਿਆਂ ਲਈ ਇੱਕੋ ਸ਼ਮਸ਼ਾਨਘਾਟ ਰੱਖਣਗੇ ਤੇ ਬਾਕੀ ਪਿੰਡਾਂ ਨੂੰ ਵੀ ਇਹ ਪਹਿਲਕਦਮੀ ਕਰਨ ਦਾ ਸੱਦਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਢੁੱਡੀਕੇ ਇਕਾਈ, ਕਾਮਰੇਡ ਜੀਤ ਸਿੰਘ, ਕੁਲਜੀਤ ਸਿੰਘ, ਹਰਪ੍ਰੀਤ ਸਿੰਘ, ਪਿੰਡ ਦੇ ਮੋਹਤਬਰਾਂ, ਸੁਹਿਰਦ ਵਿਅਕਤੀਆਂ, ਪਰਮਜੀਤ ਸਿੰਘ ਪੰਮਾ ਸਾਬਕਾ ਪੰਚ, ਚਮਕੌਰ ਸਿੰਘ ਸਾਬਕਾ ਪੰਚ, ਕੇਵਲ ਸਿੰਘ ਮੌਜੂਦਾ ਪੰਚ ਦੀ ਬਦੌਲਤ ਪਿੰਡ ’ਚੋਂ ਜਾਤ ਪੰਚ ਦਾ ਫਸਤਾ ਵੱਢਣ ਦੀ ਸ਼ੁਰੂਆਤ ਕਰਦਿਆਂ ਜੱਟਾਂ ਅਤੇ ਦਲਿਤਾਂ ਦੇ ਸ਼ਮਸ਼ਾਨਘਾਟ ਇੱਕ ਥਾਂ ਕਰ ਦਿੱਤੇ ਗਏ ਹਨ।