ਜਸਵੰਤ ਜੱਸ
ਫਰੀਦਕੋਟ , 16 ਨਵੰਬਰ
ਹਿਠਾੜ ਦੇ ਇਲਾਕੇ ਦਾ ਇਕਲੌਤਾ ਪ੍ਰਾਇਮਰੀ ਹੈਲਥ ਸੈਂਟਰ ਲੋੜੀਂਦੀ ਇਮਾਰਤ ਨਾ ਹੋਣ ਕਾਰਨ ਨਕਾਰਾ ਇਮਾਰਤ ਵਿੱਚ ਚੱਲ ਰਿਹਾ ਹੈ, ਜਿੱਥੇ ਡਾਕਟਰ ਵੀ ਡਿਊਟੀ ਜਾਣ ਤੋਂ ਡਰਦੇ ਹਨ। ਪ੍ਰਾਇਮਰੀ ਹੈੱਲਥ ਸੈਂਟਰ ਜੰਡ ਸਾਹਿਬ ਜੋ ਹਿਠਾੜ ਦੇ ਦਸ ਤੋਂ ਵੱਧ ਪਿੰਡਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਸਥਾਪਤ ਕੀਤਾ ਗਿਆ ਸੀ, ਜਿਸ ਦੀ ਲੋੜੀਂਦੀ ਇਮਾਰਤ ਨਾ ਹੋਣ ਕਾਰਨ ਲੋਕਾਂ ਨੂੰ ਇਲਾਜ ਲਈ ਲੰਬਾ ਸਫਰ ਤੈਅ ਕਰਕੇ ਨਿੱਜੀ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ। ਹੈਲਥ ਸੈਂਟਰ ਦੀ ਇਮਾਰਤ ਨੂੰ ਬੀ.ਐਂਡ.ਆਰ ਦੇ ਕਾਰਜਕਾਰੀ ਇੰਜਨੀਅਰ ਵੱਲੋਂ ਮਾਰਚ 2020 ਵਿੱਚ ਅਸੁਰੱਖਿਅਤ ਐਲਾਨ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਹੁਣ ਵੀ ਇਸ ਇਮਾਰਤ ਵਿੱਚ ਹੈੱਲਥ ਸੈਂਟਰ ਚੱਲ ਰਿਹਾ ਹੈ। ਗੁਰਦਿੱਤ ਸਿੰਘ ਸੇਖੋਂ ਅਤੇ ਹੈਪੀ ਬਰਾੜ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਨੇ ਪੰਜਾਬ ਸਰਕਾਰ ਪਾਸੋਂ ਪ੍ਰਾਇਮਰੀ ਹੈੱਲਥ ਸੈਂਟਰ ਦੀ ਨਵੀਂ ਇਮਾਰਤ ਲਈ 1 ਕਰੋੜ 20 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਇਹ ਪੈਸਾ ਹੈੱਲਥ ਸੈਂਟਰ ਨੂੰ ਮੁਹੱਈਆ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਦੋ ਵਾਰ ਫ਼ਰੀਦਕੋਟ ਦਾ ਦੌਰਾ ਕਰ ਚੁੱਕੇ ਹਨ ਪਰ ਸਿਹਤ ਕੇਂਦਰਾਂ ਦੀ ਹਾਲਤ ਸੁਧਾਰਨ ਲਈ ਉਨ੍ਹਾਂ ਕੋਈ ਫੰਡ ਮੁਹੱਈਆ ਨਹੀਂ ਕਰਵਾਇਆ। ਬੇਅੰਤ ਕੌਰ ਸੇਖੋਂ, ਜਗਮੀਤ ਸਿੰਘ ਅਤੇ ਪ੍ਰੇਮ ਕੁਮਾਰ ਨੇ ਕਿਹਾ ਕਿ ਜੇ ਹੈੱਲਥ ਸੈਂਟਰ ਦੀ ਹਾਲਤ ਤੁਰੰਤ ਨਾ ਸੁਧਾਰੀ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਸਾਹਮਣੇ ਧਰਨੇ ’ਤੇ ਬੈਠ ਜਾਣਗੇ।
ਸਰਕਾਰ ਜਲਦੀ ਹੀ ਫੰਡ ਅਲਾਟ ਕਰੇਗੀ: ਡੀਸੀ
ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਹੈੱਲਥ ਸੈਂਟਰ ਦੀ ਇਮਾਰਤ ਲਈ ਲੋੜੀਂਦੇ ਫੰਡ ਪੰਜਾਬ ਸਰਕਾਰ ਜਲਦ ਹੀ ਸਿਹਤ ਵਿਭਾਗ ਨੂੰ ਅਲਾਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਗਜ਼ੀ ਕਾਰਵਾਈ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ।