ਪੱਤਰ ਪ੍ਰੇਰਕ
ਅਬੋਹਰ, 10 ਸਤੰਬਰ
ਪਟਿਆਲਾ ਤੋਂ ਅਬੋਹਰ ਸਥਿਤ ਬੈਂਕ ਆਫ਼ ਬੜੌਦਾ ਦੀ ਸ਼ਾਖਾ ਵਿੱਚ ਜੈਨਰੇਟਰ ਲੈ ਕੇ ਆਇਆ ਟੈਂਪੂ ਚਾਲਕ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਿਆ। ਪੁਲੀਸ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਟਿਆਲਾ ਤੋਂ ਕਰਨੈਲ ਸਿੰਘ ਪੁੱਤਰ ਗੁਰਦੇਵ ਸਿੰਘ ਆਪਣੇ ਸਾਥੀ ਜਸਬੀਰ ਸਿੰਘ ਦੇ ਨਾਲ ਛੋਟਾ ਹਾਥੀ (ਟੈਂਪੂ) ਲੈ ਕੇ ਅਬੋਹਰ ਸਥਿਤ ਬੈਂਕ ਆਫ਼ ਬੜੌਦਾ ਦੀ ਸ਼ਾਖਾ ਵਿੱਚ ਜੈਨਰੇਟਰ ਲੈ ਕੇ 9 ਸਤੰਬਰ ਨੂੰ ਆਇਆ ਸੀ। ਬਾਅਦ ਦੁਪਹਿਰ ਕਰੀਬ 3 ਵਜੇ ਕਰਨੈਲ ਸਿੰਘ ਅਚਾਨਕ ਲਾਪਤਾ ਹੋ ਗਿਆ। ਉਸ ਦੇ ਸਾਥੀ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਹ ਕਿਧਰੇ ਨਹੀਂ ਮਿਲਿਆ। ਇਸ ’ਤੇ ਜਸਬੀਰ ਸਿੰਘ ਨੇ ਇਸ ਸਬੰਧੀ ਸੂਚਨਾ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਦਿੱਤੀ ਅਤੇ ਇਸ ਸਬੰਧੀ ਸੂਚਨਾ ਥਾਣਾ ਅਬੋਹਰ ’ਚ ਵੀ ਦਿੱਤੀ। ਪੁਲੀਸ ਨੇ ਕਰਨੈਲ ਸਿੰਘ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਗਰ ਥਾਣਾ ਮੁਖੀ ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਕਰਨੈਲ ਸਿੰਘ ਦੀ ਭਾਲ ਜਾਰੀ ਹੈ। ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਕਿਸੇ ਨੇ ਉਸ ਦੇ ਪਿਤਾ ਦੀ ਹੱਤਿਆ ਕਰ ਦਿੱਤੀ ਹੈ।