ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਮਈ
ਪੰਜਾਬ ਰੈਵੀਨਿਊ ਐਸੋਸੀਏਸ਼ਨ ਦੇ ਸੱਦੇ ’ਤੇ ਮਾਲ ਅਧਿਕਾਰੀਆਂ ਦੀ ਸੂਬਾ ਭਰ ’ਚ ਹੜਤਾਲ ਕਾਰਨ ਲੋਕ ਖੱਜਲ-ਖ਼ੁਆਰ ਹੋ ਰਹੇ ਹਨ। ਤਹਿਸੀਲ ਦਫ਼ਤਰਾਂ ਵਿੱਚ ਰਜਿਸਟਰੀਆਂ, ਵਿਆਹ ਰਜਿਸਟਰੇਸ਼ਨ ਤੇ ਹੋਰ ਕੰਮਾਂ ਲਈ ਆਏ ਲੋਕਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪੈ ਰਿਹਾ ਹੈ। ਜਥੇਬੰਦੀ ਦੇ ਸੂਬਾਈ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਕਿਹਾ ਕਿ ਉਨ੍ਹਾਂ ਦੀ ਇਹ ਹੜਤਾਲ 8 ਮਈ ਤੱਕ ਹੈ। ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਲ ਅਫਸਰਾਂ ਵਿਰੁੱਧ ਬੇਲੋੜੀ ਚਾਰਜਸੀਟ, ਫਰਜ਼ੀ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਵਾਹਨ ਅਤੇ ਸੁਰੱਖਿਆ ਮੁਹੱਈਆ ਨਾ ਕਰਵਾਉਣ ਆਦਿ ਲੰਬੇ ਸਮੇਂ ਤੋਂ ਲਟਕ ਰਹੀਆਂ ਮਹੱਤਵਪੂਰਨ ਮੰਗਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਸਰਕਾਰ ਨੂੰ ਤਿੰਨ ਹਫ਼ਤੇ ਪਹਿਲਾਂ ਲਿਖਤੀ ਨੋਟਿਸ ਸੌਂਪਿਆ ਗਿਆ ਸੀ।