ਨਿੱਜੀ ਪੱਤਰ ਪ੍ਰੇਰਕ
ਮੋਗਾ, 10 ਅਪਰੈਲ
ਇਥੇ ਥਾਣਾ ਬੱਧਨੀ ਕਲਾਂ ਮਾਲਖਾਨੇ ’ਚੋਂ ਟਾਟਾ ਸਫ਼ਾਰੀ ਗੱਡੀ ਖੁਰਦ ਬੁਰਦ ਕਰਨ ਦੋਸ਼ ਹੇਠ ਇਸੇ ਥਾਣੇ ਵਿੱਚ ਤਾਇਨਾਤ ਏਐੱਸਆਈ ਮੱਖਣ ਸਿੰਘ ਖ਼ਿਲਾਫ਼ ਗਬਨ ਦਾ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਥਾਣੇਦਾਰ ਫ਼ਰਾਰ ਹੋ ਗਿਆ ਹੈ। ਪੁਲੀਸ ਵੱਲੋਂ ਜ਼ਬਤ ਕੀਤੇ ਵਾਹਨ ਥਾਣਿਆਂ ਵਿੱਚ ਪਏ ਕਬਾੜ ਹੋ ਰਹੇ ਹਨ। ਥਾਣਾ ਬੱਧਨੀ ਕਲਾਂ ਮੁਖੀ ਕਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਵਰ੍ਹੇ 26 ਅਗਸਤ -2020 ਨੂੰ ਮਾਲਾਖਾਨਾ ਮੁਨਸ਼ੀ ਹੌਲਦਾਰ ਜਗਦੀਸ਼ ਸਿੰਘ ਜ਼ਬਤ ਵਾਹਨਾਂ ਦੀ ਪੜਤਾਲ ਕਰ ਰਹੇ ਸਨ। ਇਸ ਦੌਰਾਨ ਮਾਲਖਾਨੇ ਵਿੱਚੋਂ ਚਿੱਟੇ ਰੰਗ ਦੀ ਟਾਟਾ ਸਫ਼ਾਰੀ ਗੱਡੀ ਪੀਬੀ 12ਜੀ-9676 ਗਾਇਬ ਸੀ। ਪੜਤਾਲ ਦੌਰਾਨ ਇਸ ਥਾਣੇ ਵਿੱਚ ਤਾਇਨਾਤ ਏਐੱਸਆਈ ਮੱਖਣ ਸਿੰਘ ਵੱਲੋਂ ਪ੍ਰਾਈਵੇਟ ਲੋਕਾਂ ਨਾਲ ਮਿਲ ਕੇ ਇਹ ਗੱਡੀ ਖੁਰਦ ਬੁਰਦ ਕਰਨ ਦੀ ਗੱਲ ਸਾਹਮਣੇ ਆਈ। ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਇਸ ਮਾਮਲੇ ਦੀ ਪੜਤਾਲ ਐੱਸਪੀ ਸਥਾਨਕ ਗੁਰਦੀਪ ਸਿੰਘ ਨੂੰ ਸੌਪੀ ਸੀ। ਉਨ੍ਹਾਂ ਦੀ ਮੁਢਲੀ ਪੜਤਾਲ ਵਿੱਚ ਦੋਸ਼ ਸਾਬਤ ਹੋਣ ਉੱਤੇ ਏਐੱਸਆਈ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਾਹਨ ਚੋਰੀ ਅਤੇ ਦੁਰਘਟਨਾ ਦੇ ਹੁੰਦੇ ਹਨ। ਚੋਰੀ ਹੋਏ ਵਾਹਨਾਂ ਨੂੰ ਅਦਾਲਤ ਵਲੋਂ ਆਰਡਰ ਮਿਲਣ ਦੇ ਬਾਅਦ ਹੀ ਵਾਹਨ ਮਾਲਕ ਨੂੰ ਸੌਂਪਿਆ ਜਾਂਦਾ ਹੈ। ਕਈ ਵਾਰ ਵਾਹਨ ਮਾਲਕਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਪਰ ਉਹ ਲੈਣ ਦੇ ਲਈ ਨਹੀਂ ਆਉਂਦੇ ਹਨ। ਥਾਣਿਆਂ ਵਿੱਚ ਜਗ੍ਹਾ ਦੀ ਘਾਟ ਕਾਰਨ ਉਹ ਬਾਹਰ ਰੱਖੇ ਜਾਂਦੇ ਹਨ ਅਤੇ ਜੰਗਾਲ ਲੱਗਣ ਨਾਲ ਕੰਡਮ ਹੋ ਜਾਂਦੇ ਹਨ। ਅਦਾਲਤ ਦੀ ਮਨਜ਼ੂਰੀ ਨਾਲ ਅਜਿਹੇ ਵਾਹਨਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।
ਸਮਾਜ ਸੇਵੀ ਆਗੂ ’ਤੇ ਹੋਏ ਹਮਲੇ ਮਗਰੋਂ ਥਾਣੇ ਦਾ ਮੁਨਸ਼ੀ ਮੁਅੱਤਲ
ਕੋਟਕਪੂਰਾ(ਟ੍ਰਿਬਿਊਨ ਨਿਊਜ਼ ਸਰਵਿਸ): ਸੰਘਣੀ ਅਬਾਦੀ ’ਚ ਲੰਘੀ ਰਾਤ ਕੁਝ ਹਥਿਆਰਬੰਦ ਵਿਅਕਤੀਆਂ ਨੇ ਸਮਾਜ ਸੇਵੀ ਦੀ ਦੁਕਾਨ ’ਤੇ ਹਮਲਾ ਕਰਕੇ ਰਾਜੀਵ ਮਲਿਕ ਸਣੇ ਦੋ ਹੋਰ ਜ਼ਖ਼ਮੀ ਕਰਨ ਦੇ ਦੋਸ਼ ਵਿੱਚ ਪੁਲੀਸ ਦੀ ਮੁਢਲੀ ਪੜਤਾਲ ਦੌਰਾਨ ਥਾਣਾ ਸਿਟੀ ਦੇ ਥਾਣੇਦਾਰ ਚਮਕੌਰ ਸਿੰਘ ਤੇ ਮੁਨਸ਼ੀ ਦੀ ਭੂਮਿਕਾ ਸ਼ੱਕੀ ਹੋਣ ਕਰਕੇ ਮੁਨਸ਼ੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦੋਂਕਿ ਥਾਣੇਦਾਰ ਦੀ ਮੁਅੱਤਲੀ ਲਈ ਉੱਚ ਅਧਿਕਾਰੀਆਂ ਨੂੰ ਡੀਐੱਸਪੀ ਕੋਟਕਪੂਰਾ ਨੇ ਰਿਪੋਰਟ ਭੇਜ ਕੇ ਸਿਫਾਰਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਅੱਜ ਬਾਅਦ ਦੁਪਹਿਰ ਕਰੀਬ ਦਰਜਨ ਤੋਂ ਵੱਧ ਸਮਾਜ ਸੇਵੀ ਸੰਸਥਾਵਾਂ ਨੇ ਸਥਾਨਕ ਗੁਰਦੁਆਰਾ ਪਾਤਸ਼ਾਹੀ ਦਸਵੀਂ (ਨਿਹੰਗ-ਸਿੰਘ) ਵਿੱਚ ਇਕੱਠੇ ਹੋ ਕੇ ਹਮਲਾਵਾਰਾਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਦੱਸਿਆ ਕਿ ਹਮਲੇ ਦੀ ਘਟਨਾ ਤੋਂ ਪਹਿਲਾਂ ਸ੍ਰੀ ਮਲਿਕ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਕੇ ਆਪਣੀ ਜਾਨ ਨੂੰ ਖਤਰਾ ਹੋਣ ਦਾ ਖਦਸ਼ਾ ਜਤਾਇਆ ਸੀ ਪਰ ਉਸ ਮੌਕੇ ਥਾਣੇਦਾਰ ਤੇ ਪੁਲੀਸ ਮੁਲਾਜ਼ਮ ਦੀ ਮੌਜੂਦਗੀ ਵਿਚ ਮੁਲਜ਼ਮਾਂ ਨੇ ਉਸ ਨੂੰ ਬੁਰੇ ਨਤੀਜੇ ਭੁਗਤਣ ਦੀਆਂ ਕਥਿਤ ਧਮਕੀਆਂ ਦਿੱਤੀਆਂ ਸਨ। ਘਟਨਾ ਵਾਰਦਾਤ ਦੇ ਸ਼ਿਕਾਰ ਪੀਬੀਜੀ ਕਲੱਬ ਰਜਿ. ਦੇ ਪ੍ਰਧਾਨ ਰਾਜੀਵ ਮਲਿਕ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਚ ਦਾਖਲ ਕਰਵਾਇਆ ਗਿਆ ਹੈ।
ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਨੂੰ ਨੱਥ ਪਾਈ
ਜ਼ੀਰਾ (ਪੱਤਰ ਪ੍ਰੇਰਕ): ਜ਼ਿਲ੍ਹਾ ਟਰੈਫਿਕ ਇੰਚਾਰਜ ਖੁਸ਼ਪਿੰਦਰਪਾਲ ਸ਼ਰਮਾ ਦੀਆਂ ਹਦਾਇਤਾਂ ਮੁਤਾਬਕ ਟਰੈਫਿਕ ਪੁਲੀਸ ਜ਼ੀਰਾ ਵੱਲੋਂ ਵੱਖ-ਵੱਖ ਥਾਵਾਂ ’ਤੇ ਨਾਕੇ ਲਾ ਕੇ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਰਵਾਉਣ ਦੇ ਵਾਲੇ ਸਾਈਲੈਂਸਰ ਉਤਾਰੇ ਗਏ। ਏਐੱਸਆਈ ਬਲੌਰ ਸਿੰਘ ਇੰਚਾਰਜ ਟਰੈਫਿਕ ਪੁਲੀਸ ਜ਼ੀਰਾ ਨੇ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪ੍ਰੈਸ਼ਰ ਹਾਰਨ, ਜ਼ਿਆਦਾ ਆਵਾਜ਼ ਕਰਨ ਵਾਲੇ ਸਾਈਲੈਂਸਰ ਨਾ ਲਗਾਉਣ ਅਤੇ ਬੁਲੇਟ ਦੇ ਪਟਾਕੇ ਪਾਉਣ ਤੋਂ ਬਾਜ਼ ਆ ਜਾਣ ਨਹੀਂ ਤਾਂ ਉਨਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਏਐੱਸਆਈ ਅਜਮੇਰ ਸਿੰਘ, ਲਖਵੀਰ ਸਿੰਘ, ਹਰਪਿੰਦਰ ਸਿੰਘ, ਗੁਰਭੇਜ ਸਿੰਘ, ਕਾਬਲ ਸਿੰਘ ਹਾਜ਼ਰ ਸਨ।